ਪਟਿਆਲਾ, 10 ਜੂਨ :- ਪਟਿਆਲਾ ਪੁਲਸ ਨੇ 7 ਬੱਚਿਆਂ ਦੀ ਮੌਤ ਦੇ ਮਾਮਲੇ ’ਚ ਨਾਮਜ਼ਦ ਟਿੱਪਰ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ 7 ਮਈ ਨੂੰ ਥਾਣਾ ਸਦਰ ਸਮਾਣਾ ਵਿਖੇ ਟਿੱਪਰ ਮਾਲਕ ਰਣਧੀਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਪਸਿਆਣਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ 7 ਮਈ ਨੂੰ ਸਮਾਣਾ ਰੋਡ ਪਟਿਆਲਾ ਨੇੜੇ ਬੱਸ ਅੱਡਾ ਪਿੰਡ ਨੱਸੂਪੁਰ, ਸਕੂਲੀ ਬੱਚਿਆਂ ਵਾਲੀ ਇਨੋਵਾ ਕਾਰ ਅਤੇ ਮਿੱਟੀ ਦੇ ਓਵਰਲੋਡ ਟਿੱਪਰ ਦੇ ਡਰਾਈਵਰ ਦੀ ਗਲਤੀ ਕਾਰਨ ਹੋਏ ਭਿਆਨਕ ਸੜਕ ਹਾਦਸੇ ’ਚ ਕੁੱਲ 7 ਬੱਚੇ ਅਤੇ ਇਕ ਇਨੋਵਾ ਦੇ ਡਰਾਈਵਰ ਦੀ ਮੌਤ ਸਬੰਧੀ ਦੁੱਖਦਾਈ ਘਟਨਾ ਵਾਪਰੀ ਸੀ।
ਇਸ ਸਬੰਧੀ ਐੱਫ. ਆਈ. ਆਰ. ਨੰਬਰ 64 ਅਧੀਨ ਧਾਰਾ 105 ਬੀ. ਐੱਨ. ਐੱਸ. ਥਾਣਾ ਸਦਰ ਸਮਾਣਾ ਬਰ ਖਿਲਾਫ ਟਿੱਪਰ ਮਾਲਕ ਦਵਿੰਦਰ ਸਿੰਘ ਵਾਸੀ ਸੌਜਾ (ਨਾਭਾ), ਰਣਧੀਰ ਸਿੰਘ ਵਾਸੀ ਪਿੰਡ ਕਕਰਾਲਾ ਅਤੇ ਟਿੱਪਰ ਚਾਲਕ ਭੁਪਿੰਦਰ ਸਿੰਘ ਉਰਫ ਭੂਪੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਤਰੈ ਜ਼ਿਲਾ ਪਟਿਆਲਾ ਖਿਲਾਫ ਦਰਜ ਕੀਤਾ ਗਿਆ ਸੀ।
ਇਸ ਚ ਡਰਾਈਵਰ ਭੁਪਿੰਦਰ ਸਿੰਘ ਉਰਫ ਭੂਪੀ ਨੂੰ 8 ਮਈ ਅਤੇ ਟਿੱਪਰ ਮਾਲਕ ਦਵਿੰਦਰ ਸਿੰਘ ਪ੍ਰੋਪਰਾਈਟਰ ਖੱਟੜਾ ਟਰੇਡਿੰਗ ਕੰਪਨੀ ਸੌਜਾ ਨੂੰ 23 ਮਈ ਨੂੰ ਗ੍ਰਿਫਤਾਰ ਕਰ ਲਿਆ ਸੀ।
ਇਸ ਕੇਸ ’ਚ ਰਣਧੀਰ ਸਿੰਘ ਭਗੌੜਾ ਚੱਲਿਆ ਆ ਰਿਹਾ ਸੀ, ਜਿਸ ਨੂੰ ਫੜਨ ਲਈ ਪੁਲਸ ਵੱਲੋਂ ਹਰ ਵਸੀਲਾ ਅਪਣਾਇਆ ਗਿਆ ਸੀ।
ਇਸ ਸਬੰਧੀ ਮ੍ਰਿਤਕ ਬੱਚਿਆਂ ਦੇ ਮਾਪਿਆਂ ਨਾਲ ਦੁੱਖ ਵੰਡਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ 7 ਜੂਨ ਨੂੰ ਸਮਾਣਾ ਵਿਖੇ ਆਏ ਸਨ। ਜਿੱਥੇ ਲੋਕਾਂ ਵੱਲੋਂ ਰਣਧੀਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਮੰਗ ਰੱਖੀ ਗਈ ਸੀ। ਮੁੱਖ ਮੰਤਰੀ ਵੱਲੋਂ ਹਦਾਇਤ ਕੀਤੀ ਗਈ ਸੀ ਕਿ ਰਹਿੰਦੇ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।
ਅੱਜ ਡੀ. ਐੱਸ. ਪੀ. ਸਮਾਣਾ ਅਤੇ ਐੱਸ. ਐੱਚ. ਓ. ਸਮਾਣਾ ਸਦਰ ਦੀ ਟੀਮ ਨੇ ਟਿੱਪਰ ਮਾਲਕ ਰਣਧੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਕੇਸ ’ਚ ਨਾਮਜ਼ਦ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਕੇਸ ’ਚ ਜਲਦ ਹੀ ਚਲਾਨ ਪੇਸ਼ ਕਰ ਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇਗਾ।
Read More : ਮਿੱਟੀ ਦੇ ਸੈਂਪਲ ਇਕੱਤਰ ਕਰਨ ਲਈ ਖੇਤੀਬਾੜੀ ਵਿਭਾਗ ਨੇ ਚਲਾਈ ਵਿਸ਼ੇਸ਼ ਮੁਹਿੰਮ