ਖਨੌਰੀ ਬਾਰਡਰ ’ਤੇ ਕਿਸਾਨ ਆਗੂਆਂ ਦੀ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਫੇਲ

ਪਹਿਲਾਂ ਡੱਲੇਵਾਲ ਨੂੰ ਹਸਪਤਾਲ ਤੋਂ ਲਿਆਕੇ ਸਾਡੇ ਮੋਰਚੇ ’ਚ ਬਿਠਾਓ  : ਆਗੂ

ਸੁਖਜੀਤ ਹਰਦੋਝੰਡੇ ਦਾ ਮਰਨ ਵਰਤ ਦੂਸਰੇ ਦਿਨ ’ਚ  ਦਾਖਲ

ਖਨੌਰੀ :  ਖਨੌਰੀ ਬਾਰਡਰ ’ਤੇ  ਕਿਸਾਨ ਨੇਤਾ ਸੁਖਜੀਤ ਹਰਦੋਝੰਡੇ ਦਾ ਮਰਨ ਵਰਤ ਦੂਸਰੇ ਦਿਨ ’ਚ ਸ਼ਾਮਲ ਹੋ ਗਿਆ, ਉੱਥੇ ਮਾਹੌਲ ਨੂੰ ਸੁਖਾਵਾ ਕਰਨ ਲਈ ਅੱਜ  ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀ, ਇੰਟੈਲੀਜੈਂਸ ਦੇ ਸੀਨੀਅਰ ਅਧਿਕਾਰੀ ਨੇ ਕਿਸਾਨ ਨੇਤਾਵਾਂ ਨਾਲ ਮੀਟਿੰਗ ਕੀਤੀ,  ਜਿਸ ਦਾ ਕੋਈ ਵੀ ਸਾਰਥਕ ਨਤੀਜਾ ਨਾ ਨਿਕਲਿਆ।

ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਆਖਿਆ ਕਿ ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਜਦੋਂ ਤੱਕ ਸਾਡੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਛੁੱਟੀ ਕਰਵਾ ਕੇ ਖਨੌਰੀ ਬਾਰਡਰ ’ਤੇ ਨਹੀਂ ਬਿਠਾਇਆ ਜਾਂਦਾ, ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋਵੇਗੀ। ਹਾਲਾਂਕਿ ਮੀਟਿੰਗ ਕਈ ਘੰਟੇ ਜਾਰੀ ਰਹੀ। ਇਸ ਮੌਕੇ ਬਾਰਡਰ ’ਤੇ ਹਜ਼ਾਰਾਂ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਕਿਸਾਨ ਆਗੂਆਂ ਨੇ  ਕਿਹਾ ਿਕ ਜੇਕਰ ਮਰਨ ਵਰਤ ਨਾਲ ਕਿਸੇ ਕਿਸਾਨ ਨੇਤਾ ਦੀ ਮੌਤ ਹੁੰਦੀ ਹੈ, ਉਸਦਾ ਸੰਸਕਾਰ ਨਹੀਂ ਹੋਵੇਗਾ ਤੇ ਨਾਲ ਦੀ ਨਾਲ ਦੂਸਰਾ ਕਿਸਾਨ ਸਾਥੀ ਮਰਨ ਵਰਤ ’ਤੇ ਬੈਠ ਜਾਵੇਗਾ। ਉਨ੍ਹਾਂ ਨੇ ਆਖਿਆ ਕਿ ਸੂਬਾ ਸਰਕਾਰ ਨੇ ਡੱਲੇਵਾਲ ਨੂੰ ਹਸਪਤਾਲ ਅੰਦਰ ਹੀ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਨੂੰ ਗੁਲੂਕੋਜ ਰਾਹੀਂ ਧੱਕੇ ਨਾਲ ਖੁਰਾਕ ਦਿੱਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਕੁਝ ਖਾਣਗੇ ਨਹੀਂ।

ਨੇਤਾਵਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ, ਉਹ ਟਕਰਾਅਯੋਗ ਹਨ। ਕਿਸਾਨ ਨੇਤਾਵਾਂ ਨੇ ਆਖਿਆ ਕਿ ਮਰਨ ਵਰਤ ਵੀ ਜਾਰੀ ਰਹੇਗਾ ਤੇ 6 ਦਸੰਬਰ ਨੂੰ ਦਿੱਲੀ ਕੂਚ ਵੀ ਹੋਵੇਗਾ। ਉੱਧਰੋਂ ਅਜੇ ਤੱਕ ਸ਼ੰਭੂ ਬਾਰਡਰ ਨੂੰ ਖੋਲ੍ਹਣ ਸਬੰਧੀ ਕੁਝ ਵੀ ਸਾਹਮਣੇ ਨਹੀਂਂ ਆਇਆ ਹੈ। ਹਾਲਾਂਕਿ ਹਰਿਆਣਾ ਪ੍ਰਸ਼ਾਸਨ ਦੇ ਵੀ ਇਹ ਬਿਆਨ ਹਨ ਕਿ 5 ਜਾਂ 6 ਫੁੱਟ ਰਸਤਾ ਕਿਸਾਨਾਂ ਨੂੰ ਪੈਦਲ ਜਾਣ ਲਈ ਜ਼ਰੂਰ ਦਿੱਤਾ ਜਾਵੇਗਾ।

ਇਸ ਮੌਕੇ ਬੀਕੇਈ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ  ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਵੱਲੋਂ ਖਨੌਰੀ ਬਾਰਡਰ ’ਤੇ ਹਜ਼ਾਰਾਂ ਕਿਸਾਨਾਂ ਦਰਮਿਆਨ ਮਰਨ ਜਾਰੀ ਹੈ,   ਉਥੇ   ਹੀ ਪੁਲਸ ਦੇ ਜ਼ੁਲਮ ਦੇ ਬਾਵਜੂਦ  ਜਗਜੀਤ ਸਿੰਘ ਡੱਲੇਵਾਲ ਵੱਲੋਂ ਪੁਲਸ ਹਿਰਾਸਤ ’ਚ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।   ਉਨ੍ਹਾਂ ਨੇ ਕਿਹਾ ਕਿ ਸਰਕਾਰ ਜਿੰਨੀਆਂ ਮਰਜ਼ੀ ਕੁਰਬਾਨੀਆਂ ਲੈ ਲਏ ਪਰ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਪਿੱਛੇ ਨਹੀਂ ਹੱਟਣਗੇ।

Leave a Reply

Your email address will not be published. Required fields are marked *