ਪੜ੍ਹਾਈ ਅਤੇ ਹੋਰ ਖੇਤਰਾਂ ’ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਸੰਗਰੂਰ-ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ (ਬਹਾਦਰਪੁਰ) ਵਿਖੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ। ਇਸ ਸਮੇਂ ਮੈਡਮ ਇੰਦਰਜੀਤ ਕੌਰ ਗਿੱਲ ਡਾਇਰੈਕਟਰ ਸਿੱਖਿਆ ਵਿਭਾਗ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਬਤੌਰ ਮੁੱਖ ਮਹਿਮਾਨ ਅਤੇ ਡਾ. ਧਰਮਪਾਲ ਸਿੰਘ ਕਾਹਲੋਂ ਸਾਇੰਸਦਾਨ, ਯੂ. ਐੱਸ. ਏ., ਸੂਰਤ ਸਿੰਘ ਸੋਹੀ ਰਿਟਾਇਰਡ ਬੈਂਕ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਉਪਰੰਤ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਗੀਤ ਅਤੇ ਗਰੁੱਪ ਡਾਂਸ ਰਾਹੀਂ ਆਏ ਮਹਿਮਾਨਾਂ ਦਾ ਮਨ ਮੋਹਿਆ। ਸੰਸਥਾ ਦੇ ਪ੍ਰਿੰਸੀਪਲ ਡਾ. ਰਾਜਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਮੈਡਮ ਇੰਦਰਜੀਤ ਕੌਰ ਗਿੱਲ, ਡਾ. ਧਰਮਪਾਲ ਸਿੰਘ ਕਾਹਲੋਂ ਅਤੇ ਸੂਰਤ ਸਿੰਘ ਸੋਹੀ ਨੇ ਪੜ੍ਹਾਈ ਅਤੇ ਹੋਰ ਖੇਤਰਾਂ ’ਚ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।
ਇਸ ਦੌਰਾਨ ਮੈਡਮ ਗਿੱਲ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ, ਸਿੱਖਿਆ ਅਤੇ ਹੋਰ ਖੇਤਰਾਂ ’ਚ ਮੱਲਾਂ ਲਈ ਸ਼ਲਾਘਾ ਕਰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰ ਕੇ ਜ਼ਿੰਦਗੀ ’ਚ ਉੱਚੇ ਮੁਕਾਮ ਹਾਸਲ ਕਰ ਕੇ ਆਪਣੇ ਸਕੂਲ, ਮਾਤਾ- ਪਿਤਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੀ ਸੁਚੱਜੀ ਕਾਰਗੁਜ਼ਾਰੀ, ਬੱਚਿਆਂ ਨੂੰ ਵਧੀਆ ਸਿੱਖਿਆ, ਖੇਡਾਂ ਤੇ ਹੋਰ ਸਹੂਲਤਾਂ ਦੇਣ ਲਈ ਸ਼ਲਾਘਾ ਕੀਤੀ।
ਸਕੂਲ ਦੇ ਮੈਨੇਜਰ ਮਨਿੰਦਰ ਪਾਲ ਸਿੰਘ ਬਰਾੜ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ’ਚ ਬੱਚਿਆਂ ਦੀ ਪੜ੍ਹਾਈ ਅਤੇ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਦੇ ਰਹਿਣਗੇ। ਅੰਤ ’ਚ ਸਕੂਲ ਦੇ ਬੱਚਿਆਂ ਨੇ ਗਿੱਧਾ ਅਤੇ ਭੰਗੜਾ ਪੇਸ਼ ਕੀਤਾ।
ਇਸ ਸਮਾਗਮ ’ਚ ਡਾ. ਭੁਪਿੰਦਰ ਸਿੰਘ ਪੂਨੀਆ (ਮੁੱਖ ਪ੍ਰਬੰਧਕ ਅਕਾਲ ਕਾਲਜ ਗੁਰਸਾਗਰ ਮਸਤੂਆਣਾ ਕੌਸ਼ਲ), ਜਸਵੰਤ ਸਿੰਘ ਖਹਿਰਾ (ਸਕੱਤਰ ਅਕਾਲ ਕਾਲਜ ਗੁਰਸਾਗਰ ਮਸਤੂਆਣਾ ਕੌਸ਼ਲ), ਸਕੂਲ ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ, ਕੇਵਲ ਸਿੰਘ, ਗਮਦੂਰ ਸਿੰਘ, ਨਾਜਰ ਸਿੰਘ, ਹਾਕਮ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ, ਵਿਦਿਆਰਥੀਆਂ ਦੇ ਮਾਤਾ-ਪਿਤਾ, ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਪੰਚਾਇਤਾਂ ਅਤੇ ਅਕਾਲ ਗਰੁੱਪ ਆਫ ਇੰਸਟੀਚਿਊਟ ਦੀਆਂ ਸਾਰੀਆਂ ਸੰਸਥਾਵਾਂ ਦੇ ਪ੍ਰਿੰਸੀਪਲ ਵੀ ਮੌਜੂਦ ਸਨ।
