ਅਹਿਮਦਾਬਾਦ, 4 ਮਈ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 46ਵੇਂ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ (GT) ਨੇ ਪੰਜਾਬ ਕਿੰਗਜ਼ (PBKS) ਨੂੰ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਗੁਜਰਾਤ ਨੇ ਆਖਰੀ ਓਵਰਾਂ ਵਿੱਚ ਬਾਜ਼ੀ ਮਾਰੀ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਮੁਹੰਮਦ ਸਿਰਾਜ ਨੇ ਪਹਿਲੇ ਹੀ ਓਵਰ ਵਿੱਚ ਪ੍ਰਿਆਂਸ਼ ਆਰੀਆ (2) ਅਤੇ ਕੂਪਰ ਕੋਨੋਲੀ (0) ਨੂੰ ਆਊਟ ਕਰਕੇ ਪੰਜਾਬ ਨੂੰ ਬੈਕਫੁੱਟ ‘ਤੇ ਧੱਕ ਦਿੱਤਾ। ਕਪਤਾਨ ਸ਼੍ਰੇਅਸ ਅਈਅਰ ਵੀ ਸਿਰਫ਼ 19 ਦੌੜਾਂ ਹੀ ਬਣਾ ਸਕੇ। ਹਾਲਾਂਕਿ, ਸੂਰਿਆੰਸ਼ ਸ਼ੇਡਗੇ ਨੇ 29 ਗੇਂਦਾਂ ਵਿੱਚ 57 ਦੌੜਾਂ (5 ਛੱਕੇ, 3 ਚੌਕੇ) ਦੀ ਤੂਫ਼ਾਨੀ ਪਾਰੀ ਖੇਡੀ ਅਤੇ ਮਾਰਕਸ ਸਟੋਇਨਿਸ (40) ਦੇ ਸਹਿਯੋਗ ਨਾਲ ਟੀਮ ਨੂੰ 163/9 ਦੇ ਸਕੋਰ ਤੱਕ ਪਹੁੰਚਾਇਆ। ਗੁਜਰਾਤ ਲਈ ਜੇਸਨ ਹੋਲਡਰ ਨੇ ਘਾਤਕ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਝਟਕਾਈਆਂ।
164 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ (5) ਜਲਦੀ ਆਊਟ ਹੋ ਗਏ। ਇਸ ਤੋਂ ਬਾਅਦ ਸਾਈ ਸੁਦਰਸ਼ਨ (57) ਅਤੇ ਜੋਸ ਬਟਲਰ ਨੇ ਪਾਰੀ ਨੂੰ ਸੰਭਾਲਿਆ। ਸੁਦਰਸ਼ਨ ਦੀ ਅਰਧ-ਸੈਂਕੜੇ ਵਾਲੀ ਪਾਰੀ ਨੇ ਜਿੱਤ ਦੀ ਨੀਂਹ ਰੱਖੀ ਅਤੇ ਅੰਤ ਵਿੱਚ ਵਾਸ਼ਿੰਗਟਨ ਸੁੰਦਰ ਤੇ ਜੇਸਨ ਹੋਲਡਰ ਨੇ ਸੂਝਬੂਝ ਨਾਲ ਬੱਲੇਬਾਜ਼ੀ ਕਰਕੇ ਟੀਮ ਨੂੰ ਜਿੱਤ ਦਿਵਾਈ। ਪੰਜਾਬ ਵੱਲੋਂ ਅਰਸ਼ਦੀਪ ਸਿੰਘ ਨੇ ਸ਼ੁਰੂਆਤੀ ਸਫਲਤਾ ਦਵਾਈ ਸੀ।
ਪੁਆਇੰਟ ਟੇਬਲ ਦੀ ਸਥਿਤੀ:
ਪੰਜਾਬ ਕਿੰਗਜ਼ : 8 ਵਿੱਚੋਂ 6 ਜਿੱਤਾਂ ਨਾਲ 13 ਅੰਕਾਂ ‘ਤੇ ਮਜ਼ਬੂਤ
ਗੁਜਰਾਤ ਟਾਈਟਨਸ : 9 ਮੈਚਾਂ ਵਿਚ 10 ਅੰਕ
Read More : ਪਾਕਿਸਤਾਨ ਦੀ ਸੰਘੀ ਸਿਵਲ ਸੇਵਾ ’ਚ ਸ਼ਾਮਲ ਹੋਣਗੇ ਹਿੰਦੂ ਭਾਈਚਾਰੇ ਦੇ ਦੋ ਨੌਜਵਾਨ
