ਆਈਪੀਐਲ 2026

CSK ਬਨਾਮ MI : ਚੇਨਈ ਨੇ ਮੁੰਬਈ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ

ਰਿਤੂਰਾਜ ਗਾਇਕਵਾੜ ਦੀ ਕਪਤਾਨੀ ਪਾਰੀ ਅਤੇ ਕਾਰਤਿਕ ਸ਼ਰਮਾ ਦਾ ਪਹਿਲਾ ਅਰਧ ਸੈਂਕੜਾ

ਚੇਨਈ, 2 ਮਈ : ਆਈਪੀਐਲ 2026 ਦੇ 44ਵੇਂ ਰੋਮਾਂਚਕ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਜ਼ (CSK) ਨੇ ਆਪਣੇ ਘਰੇਲੂ ਮੈਦਾਨ ਐਮ.ਏ. ਚਿਦੰਬਰਮ ਸਟੇਡੀਅਮ ਵਿਚ ਮੁੰਬਈ ਇੰਡੀਅਨਜ਼ (MI) ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਇਸ ਸ਼ਾਨਦਾਰ ਜਿੱਤ ਨਾਲ ਚੇਨਈ ਨੇ ਪਲੇਆਫ ਦੀਆਂ ਉਮੀਦਾਂ ਨੂੰ ਨਵੀਂ ਉਮੰਗ ਦਿੱਤੀ ਹੈ, ਜਦਕਿ ਮੁੰਬਈ ਲਈ ਰਾਹ ਮੁਸ਼ਕਲ ਹੁੰਦਾ ਨਜ਼ਰ ਆ ਰਿਹਾ ਹੈ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਸਟਾਰ ਬੱਲੇਬਾਜ਼ ਵਿਲ ਜੈਕਸ ਦੂਜੇ ਹੀ ਓਵਰ ਵਿੱਚ ਮਹਿਜ਼ 1 ਦੌੜ ਬਣਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਨਮਨ ਧੀਰ ਨੇ ਮੋਰਚਾ ਸੰਭਾਲਿਆ ਅਤੇ 37 ਗੇਂਦਾਂ ਵਿੱਚ 57 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸੂਰਿਆਕੁਮਾਰ ਯਾਦਵ ਨੇ ਵੀ 12 ਗੇਂਦਾਂ ਵਿੱਚ 21 ਦੌੜਾਂ ਦਾ ਤੇਜ਼ ਯੋਗਦਾਨ ਪਾਇਆ।

ਹਾਲਾਂਕਿ, ਮੁੰਬਈ ਦਾ ਮੱਧ ਅਤੇ ਹੇਠਲਾ ਕ੍ਰਮ ਚੇਨਈ ਦੀ ਗੇਂਦਬਾਜ਼ੀ ਅੱਗੇ ਬੇਵੱਸ ਨਜ਼ਰ ਆਇਆ, ਜਿਸ ਕਾਰਨ ਟੀਮ 20 ਓਵਰਾਂ ਵਿੱਚ ਸਿਰਫ਼ 159 ਦੌੜਾਂ ਹੀ ਬਣਾ ਸਕੀ। ਚੇਨਈ ਦੇ ਗੇਂਦਬਾਜ਼ ਨੂਰ ਅਹਿਮਦ ਨੇ ਘਾਤਕ ਸਪੈੱਲ ਸੁੱਟਦਿਆਂ 4 ਓਵਰਾਂ ਵਿੱਚ 26 ਦੌੜਾਂ ਦੇ ਕੇ 2 ਅਹਿਮ ਵਿਕਟਾਂ ਹਾਸਲ ਕੀਤੀਆਂ।

160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੇਨਈ ਨੂੰ ਪਹਿਲਾ ਝਟਕਾ ਸੰਜੂ ਸੈਮਸਨ (11 ਦੌੜਾਂ) ਦੇ ਰੂਪ ਵਿੱਚ ਜਲਦੀ ਲੱਗਾ। ਪਰ ਇਸ ਤੋਂ ਬਾਅਦ ਕਪਤਾਨ ਰਿਤੂਰਾਜ ਗਾਇਕਵਾੜ ਨੇ ਆਪਣੀ ਕਲਾਸ ਦਿਖਾਈ ਅਤੇ ਨਾਬਾਦ 67 ਦੌੜਾਂ ਦੀ ਜੇਤੂ ਪਾਰੀ ਖੇਡੀ। ਉਨ੍ਹਾਂ ਦਾ ਸਾਥ ਨੌਜਵਾਨ ਪ੍ਰਤਿਭਾ ਕਾਰਤਿਕ ਸ਼ਰਮਾ ਨੇ ਬਾਖ਼ੂਬੀ ਨਿਭਾਇਆ।

ਕਾਰਤਿਕ ਨੇ ਆਪਣੇ IPL ਕਰੀਅਰ ਦਾ ਪਹਿਲਾ ਅਰਧ ਸੈਂਕੜਾ ਜੜ ਕੇ ਚੇਨਈ ਦੀ ਜਿੱਤ ਨੂੰ ਯਕੀਨੀ ਬਣਾਇਆ। ਦੋਵਾਂ ਬੱਲੇਬਾਜ਼ਾਂ ਦੀ ਸੂਝਬੂਝ ਨਾਲ ਚੇਨਈ ਨੇ 19ਵੇਂ ਓਵਰ ਵਿੱਚ ਹੀ ਟੀਚਾ ਹਾਸਲ ਕਰ ਲਿਆ।

ਪਲੇਆਫ ਦੀ ਦੌੜ ਹੋਈ ਰੋਮਾਂਚਕ

ਇਸ ਮੈਚ ਦੇ ਨਤੀਜੇ ਨੇ ਅੰਕ ਸੂਚੀ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਚੇਨਈ ਸੁਪਰ ਕਿੰਗਜ਼ ਨੇ ਪਲੇਆਫ ਦੀ ਦੌੜ ਵਿੱਚ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਦੂਜੇ ਪਾਸੇ, ਮੁੰਬਈ ਇੰਡੀਅਨਜ਼ ਲਈ ਇਹ ਹਾਰ ਇੱਕ ਵੱਡਾ ਝਟਕਾ ਸਾਬਤ ਹੋ ਸਕਦੀ ਹੈ, ਕਿਉਂਕਿ ਹੁਣ ਦੋਵਾਂ ਟੀਮਾਂ ਵਿੱਚੋਂ ਕਿਸੇ ਇੱਕ ਦੇ ਹੀ ਪਲੇਆਫ ਵਿੱਚ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ।

Read More : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਵਿਗਿਆਨ ਅਤੇ ਤਕਨਾਲੋਜੀ ‘ਤੇ ਅੰਤਰਰਾਸ਼ਟਰੀ ਕਾਨਫਰੰਸ ਸਮਾਪਤ

Leave a Reply

Your email address will not be published. Required fields are marked *