ਵਿਦਿਆਰਥੀ

ਸਕੂਲ ’ਚ ਮਿਲੀ ਸਜ਼ਾ ਤੋਂ ਪ੍ਰੇਸ਼ਾਨ ਵਿਦਿਆਰਥੀ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ

ਗੁਰਦਾਸਪੁਰ, 2 ਮਈ : ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਝੰਡਾ ਲਬਾਣਾ ਦੇ ਇਕ 11ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਸਕੂਲ ਤੋਂ ਪਰਤਣ ਉਪਰੰਤ ਜ਼ਹਿਰ ਨਿਗਲ ਕੇ ਆਤਮ-ਹੱਤਿਆ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਵਜੋਂ ਹੋਈ ਹੈ, ਜੋ ਦਸੂਹਾ ਦੇ ਇਕ ਨਿੱਜੀ ਸਕੂਲ ’ਚ ਪੜ੍ਹਦਾ ਸੀ।

ਧੁੱਪ ’ਚ ਖੜ੍ਹੇ ਕਰਨ ਅਤੇ ਜ਼ਲੀਲ ਕਰਨ ਦੇ ਦੋਸ਼
ਮ੍ਰਿਤਕ ਦੇ ਦਾਦਾ ਤੀਰਥ ਸਿੰਘ ਅਤੇ ਮਾਤਾ ਪਰਵਿੰਦਰ ਕੌਰ ਨੇ ਦੱਸਿਆ ਕਿ 27 ਅਪ੍ਰੈਲ ਨੂੰ ਸਕੂਲ ’ਚ ਇਕ ਮਾਮੂਲੀ ਗੱਲ ਨੂੰ ਲੈ ਕੇ ਸਕੂਲ ਕੋਆਰਡੀਨੇਟਰ ਅਤੇ ਪ੍ਰਬੰਧਕਾਂ ਨੇ ਨਵਜੋਤ ਸਿੰਘ ਨੂੰ ਸਜ਼ਾ ਵਜੋਂ ਦੋ ਘੰਟੇ ਧੁੱਪ ’ਚ ਖੜ੍ਹੇ ਰੱਖਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਵਿਦਿਆਰਥੀਆਂ ਸਾਹਮਣੇ ਉਸ ਨੂੰ ਜ਼ਲੀਲ ਕੀਤਾ ਗਿਆ, ਜਿਸ ਦੀ ਨਮੋਸ਼ੀ ਕਾਰਨ ਉਸ ਨੇ ਘਰ ਆ ਕੇ ਸਟੋਰ ’ਚ ਪਈ ਨਦੀਨ-ਨਾਸ਼ਕ ਦਵਾਈ ਨਿਗਲ ਲਈ। ਹਾਲਤ ਗੰਭੀਰ ਹੋਣ ’ਤੇ ਉਸ ਨੂੰ ਆਰਮੀ ਹਸਪਤਾਲ ਪੁਲ ਤਿੱਬੜੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ 1 ਮਈ ਨੂੰ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਲਾਜ ਦੌਰਾਨ ਨਵਜੋਤ ਸਿੰਘ ਨੇ ਬਿਆਨ ਦਿੱਤੇ ਸਨ ਕਿ ਕੋਆਰਡੀਨੇਟਰ ਮੈਡਮ ਅਤੇ ਪ੍ਰਿੰਸੀਪਲ ਵੱਲੋਂ ਦਿੱਤੀ ਸਜ਼ਾ ਅਤੇ ਹੋਰ ਵਿਦਿਆਰਥੀਆਂ ਵੱਲੋਂ ਉਡਾਏ ਗਏ ਮਜ਼ਾਕ ਕਾਰਨ ਉਹ ਕਾਫ਼ੀ ਮਾਨਸਿਕ ਪ੍ਰੇਸ਼ਾਨੀ ’ਚ ਸੀ। ਪਰਿਵਾਰ ਨੇ ਇਸ ਮੌਤ ਲਈ ਸਕੂਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਪੁਲਸ ਵੱਲੋਂ ਸਕੂਲ ਅਧਿਆਪਕਾ ਖ਼ਿਲਾਫ਼ ਮਾਮਲਾ ਦਰਜ
ਇਸ ਸਬੰਧੀ ਥਾਣਾ ਮੁਖੀ ਭੈਣੀ ਮੀਆਂ ਖਾਂ ਗੁਰਨਾਮ ਸਿੰਘ ਨੇ ਦੱਸਿਆ ਕਿ ਬੱਚੇ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ’ਤੇ ਸਕੂਲ ਦੀ ਇਕ ਅਧਿਆਪਕਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇਗਾ।

Read More : ਹੌਸਲਿਆਂ ਦੀ ਉਡਾਣ: ਦੇਖਣ-ਸੁਣਨ ਤੋਂ ਅਸਮਰਥ ਸਾਰਾ ਮੋਇਨ ਨੇ 12ਵੀਂ ‘ਚੋਂ ਲਏ 98.75% ਅੰਕ

Leave a Reply

Your email address will not be published. Required fields are marked *