Jaunpur

ਬਰਾਤ ਲੈ ਕੇ ਜਾ ਰਹੇ ਲਾੜੇ ਦਾ ਗੋਲੀਆਂ ਮਾਰ ਕੇ ਕਤਲ

ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਕਾਰ ਘੇਰ ਕੇ ਚਲਾਈਆਂ ਅੰਨ੍ਹੇਵਾਹ ਗੋਲੀਆਂ; ਖੁਸ਼ੀਆਂ ਵਾਲੇ ਘਰ ‘ਚ ਵਿਛੇ ਸੱਥਰ

ਜੌਨਪੁਰ, 2 ਮਈ : ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਬਰਾਤ ਲੈ ਕੇ ਜਾ ਰਹੇ ਲਾੜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬੀਤੀ ਰਾਤ 9 ਵਜੇ ਇਕ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਅਪਰਾਧੀਆਂ ਨੇ ਲਾੜੇ ਦੀ ਕਾਰ ਨੂੰ ਓਵਰਟੇਕ ਕੀਤਾ, ਉਸ ਨੂੰ ਰੋਕਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਲਾੜੇ ਦੇ ਪੇਟ ਵਿੱਚ ਦੋ ਅਤੇ ਜਬਾੜੇ ਵਿੱਚ ਇੱਕ ਗੋਲੀ ਲੱਗੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬਰਾਤੀਆਂ ਤੋਂ ਪੁੱਛਗਿੱਛ ਕੀਤੀ। ਇਹ ਖ਼ੌਫ਼ਨਾਕ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਖੇਤਾਸਰਾਏ ਪੁਲਿਸ ਸਟੇਸ਼ਨ ਖੇਤਰ ਵਿਚ ਵਾਪਰੀ। ਜਾਣਕਾਰੀ ਅਨੁਸਾਰ, ਸਰਾਏ ਖਵਾਜਾ ਥਾਣਾ ਖੇਤਰ ਦੇ ਬਦੌਰ ਪਿੰਡ ਦੇ ਵਸਨੀਕ ਰਾਮ ਲਖਨ ਦੇ ਪੁੱਤਰ ਆਜ਼ਾਦ (21 ਸਾਲ) ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਆਜ਼ਾਦ ਪੁਣੇ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ।

ਉਸ ਦੇ ਵਿਆਹ ਦੀ ਬਰਾਤ ਰਾਤ 8 ਵਜੇ 20 ਕਿਲੋਮੀਟਰ ਦੂਰ ਖੇਤਾਸਰਾਏ ਥਾਣਾ ਖੇਤਰ ਦੇ ਬੀਬੀਪੁਰ ਪਿੰਡ ਲਈ ਰਵਾਨਾ ਹੋਈ ਸੀ। ਬਰਾਤ ਵਿਚ ਤਿੰਨ ਵਾਹਨ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਇਕ ਵਿਚ ਲਾੜਾ ਤੇ ਬਾਕੀ ਦੋ ਗੱਡੀਆਂ ਵਿਚ ਰਿਸ਼ਤੇਦਾਰ ਸਵਾਰ ਸਨ। ਜਿਵੇਂ ਹੀ ਬਰਾਤ ਮੰਜ਼ਿਲ ਵੱਲ ਰਵਾਨਾ ਹੋਈ ਤਾਂ ਰਸਤੇ ਵਿੱਚ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਲਾੜੇ ਦਾ ਕਤਲ ਕਰ ਦਿੱਤਾ।

ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪਰਿਵਾਰ ਵਿੱਚ ਮਾਤਮ ਪਸਰ ਗਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Read More : ਹੌਸਲਿਆਂ ਦੀ ਉਡਾਣ: ਦੇਖਣ-ਸੁਣਨ ਤੋਂ ਅਸਮਰਥ ਸਾਰਾ ਮੋਇਨ ਨੇ 12ਵੀਂ ‘ਚੋਂ ਲਏ 98.75% ਅੰਕ

Leave a Reply

Your email address will not be published. Required fields are marked *