Pakistan

ਪਾਕਿ ‘ਚ ਪੈਟਰੋਲ-ਡੀਜ਼ਲ ‘ਚ ਭਾਰੀ ਉਛਾਲ; 400 ਰੁਪਏ ਦੇ ਪੱਧਰ ਨੂੰ ਛੂਹਣ ਲੱਗੀਆਂ ਕੀਮਤਾਂ

ਤੇਲ ਕੀਮਤਾਂ ‘ਚ ਭਾਰੀ ਵਾਧੇ ਨਾਲ ਜਨਤਾ ਦੀਆਂ ਵਧੀਆਂ ਮੁਸ਼ਕਿਲਾਂ; ਟ੍ਰਾਂਸਪੋਰਟ ਹੋਵੇਗੀ ਮਹਿੰਗੀ

ਇਸਲਾਮਾਬਾਦ, 2 ਮਈ : ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵਿਚ ਜਨਤਾ ’ਤੇ ਮਹਿੰਗਾਈ ਦਾ ਇਕ ਹੋਰ ਬੰਬ ਫੁੱਟਿਆ ਹੈ। ਪਾਕਿਸਤਾਨ ਸਰਕਾਰ ਨੇ ਮਹੀਨੇ ਦੇ ਪਹਿਲੇ ਦਿਨ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਦਿਤਾ ਹੈ, ਜਿਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 400 ਰੁਪਏ ਪ੍ਰਤੀ ਲੀਟਰ ਦੇ ਬੇਹੱਦ ਕਰੀਬ ਪਹੁੰਚ ਗਈਆਂ ਹਨ।

ਤਾਜ਼ਾ ਨੋਟੀਫ਼ਿਕੇਸ਼ਨ ਅਨੁਸਾਰ ਪਾਕਿਸਤਾਨ ਵਿਚ ਪੈਟਰੋਲ ਦੀ ਕੀਮਤ ਵਿਚ 6.51 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 19.39 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ ਕੀਤਾ ਗਿਆ ਹੈ। ਹੁਣ ਉੱਥੇ ਪੈਟਰੋਲ 399.86 ਪਾਕਿਸਤਾਨੀ ਰੁਪਏ ਅਤੇ ਡੀਜ਼ਲ 399.58 ਰੁਪਏ ਪ੍ਰਤੀ ਲੀਟਰ ਦੇ ਪੱਧਰ ’ਤੇ ਪਹੁੰਚ ਗਿਆ ਹੈ।

ਡੀਜ਼ਲ ਦੀਆਂ ਕੀਮਤਾਂ ਵਿਚ ਆਇਆ ਇਹ ਤੇਜ਼ ਉਛਾਲ ਖਾਸ ਤੌਰ ’ਤੇ ਟ੍ਰਾਂਸਪੋਰਟ ਅਤੇ ਉਦਯੋਗਿਕ ਖੇਤਰ ’ਤੇ ਸਿੱਧਾ ਅਸਰ ਪਾਵੇਗਾ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਹੋਰ ਵਧਣ ਦੀ ਸੰਭਾਵਨਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਮੱਧ ਪੂਰਬ ਵਿਚ ਜਾਰੀ ਸੰਘਰਸ਼ ਅਤੇ ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਕਾਰਨ ਪਾਕਿਸਤਾਨ ਵਿਚ ਈਂਧਨ ਮਹਿੰਗਾ ਹੁੰਦਾ ਜਾ ਰਿਹਾ ਹੈ। ਪਹਿਲਾਂ ਹੀ ਆਰਥਿਕ ਦਬਾਅ ਝੱਲ ਰਹੀ ਜਨਤਾ ਲਈ ਟ੍ਰਾਂਸਪੋਰਟ ਦੀ ਲਾਗਤ ਵਧਣ ਕਾਰਨ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਸਕਦਾ ਹੈ।

Read More : IPL 2026: ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਪਛਾੜਿਆ

Leave a Reply

Your email address will not be published. Required fields are marked *