Breaking news

ਮਲੋਟ ਵਿਚ ਗੁਟਕਾ ਸਾਹਿਬ ਦੀ ਬੇਅਦਬੀ; ਗਲੀਆਂ ‘ਚ ਖਿਲਰੇ ਮਿਲੇ ਪਾਵਨ ਅੰਗ

ਸਖ਼ਤ ਕਾਨੂੰਨ ਬਣਨ ਤੋਂ ਬਾਅਦ ਬੇਅਦਬੀ ਦੀ ਪਹਿਲੀ ਘਟਨਾ ਨਾਲ ਸੰਗਤ ‘ਚ ਭਾਰੀ ਰੋਸ; ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

ਮਲੋਟ, 1 ਮਈ : ਮਲੋਟ ਦੇ ਵਾਰਡ ਨੰਬਰ-10 ਵਿੱਚ ਸਥਿਤ ਛਿੰਦਰਾ ਬਸਤੀ ਦੀ ਗਲੀ ਨੰਬਰ-4 ਵਿੱਚੋਂ ਸ੍ਰੀ ਸੁਖਮਣੀ ਸਾਹਿਬ ਦੇ ਪਾਵਨ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗਲੀ ਵਿਚ ਗੁਟਕਾ ਸਾਹਿਬ ਦੇ ਲਗਭਗ 20 ਪਾਵਨ ਅੰਗ ਬਿਖਰੇ ਹੋਏ ਮਿਲੇ ਹਨ। ਜ਼ਿਕਰਯੋਗ ਹੈ ਕਿ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਲਾਗੂ ਹੋਣ ਤੋਂ ਬਾਅਦ ਸੂਬੇ ਵਿੱਚ ਅਜਿਹੀ ਇਹ ਪਹਿਲੀ ਘਟਨਾ ਦੱਸੀ ਜਾ ਰਹੀ ਹੈ।

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ। ਜਗੀਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੜੇ ਸਤਿਕਾਰ ਸਹਿਤ ਬਿਖਰੇ ਹੋਏ ਪਾਵਨ ਅੰਗ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਅਤ ਰਖਵਾ ਦਿੱਤਾ। ਸੰਗਤ ਨੇ ਤੁਰੰਤ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਹਰਜੀਤ ਸਿੰਘ ਮਾਨ ਅਤੇ ਐਸ.ਐਚ.ਓ. ਹਰਪ੍ਰੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਮੁੱਢਲੇ ਅਨੁਮਾਨ ਅਨੁਸਾਰ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਪਾਵਨ ਗੁਟਕਾ ਸਾਹਿਬ ਕਬਾੜ ਦੇ ਸਮਾਨ ਰਾਹੀਂ ਇੱਥੇ ਆਏ ਹੋ ਸਕਦੇ ਹਨ ਅਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਅੰਗ ਗਲੀ ਵਿੱਚ ਬਿਖੇਰੇ ਗਏ।

ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਆਦਿ ਦੀ ਮਦਦ ਨਾਲ ਦੋਸ਼ੀਆਂ ਦਾ ਪਤਾ ਲਗਾਇਆ ਜਾਵੇਗਾ। ਇਲਾਕੇ ਵਿੱਚ ਸਥਿਤੀ ਨੂੰ ਦੇਖਦਿਆਂ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।

Read More : ਟ੍ਰਾਈਸਿਟੀ ‘ਚ ਵੱਡੀ ਵਾਰਦਾਤ ਦੀ ਸਾਜ਼ਿਸ਼ ਨਾਕਾਮ; ਵਿਦੇਸ਼ੀ ਗੈਂਗਸਟਰਾਂ ਦਾ ਮੁੱਖ ਗੁਰਗਾ ਗ੍ਰਿਫ਼ਤਾਰ

Leave a Reply

Your email address will not be published. Required fields are marked *