ਸੰਸਥਾਪਕ ਰਾਜਿੰਦਰ ਗੁਪਤਾ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਹੋਈ ਕਾਰਵਾਈ ਨੇ ਛੇੜੀ ਚਰਚਾ
ਬਰਨਾਲਾ, 30 ਅਪ੍ਰੈਲ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਟ੍ਰਾਈਡੈਂਟ ਗਰੁੱਪ ਦੇ ਧੌਲਾ ਕੰਪਲੈਕਸ ਵਿੱਚ ਅਚਾਨਕ ਛਾਪੇਮਾਰੀ ਕੀਤੀ ਗਈ। ਵਿਭਾਗ ਦੇ ਲਗਭਗ 10 ਅਧਿਕਾਰੀਆਂ ਦੀ ਟੀਮ ਤਿੰਨ-ਚਾਰ ਵਾਹਨਾਂ ਵਿੱਚ ਸਵਾਰ ਹੋ ਕੇ ਫੈਕਟਰੀ ਪਹੁੰਚੀ, ਜਿੱਥੇ ਪਿਛਲੇ ਕਈ ਘੰਟਿਆਂ ਤੋਂ ਜਾਂਚ ਜਾਰੀ ਹੈ। ਇਸ ਅਣਐਲਾਨੀ ਕਾਰਵਾਈ ਨੇ ਫੈਕਟਰੀ ਦੇ ਅੰਦਰ ਅਤੇ ਬਾਹਰ ਭਾਰੀ ਹਲਚਲ ਮਚਾ ਦਿੱਤੀ ਹੈ।
ਇਹ ਕਾਰਵਾਈ ਇਸ ਲਈ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਹਾਲ ਹੀ ਵਿੱਚ ਆਮ ਆਦਮੀ ਪਾਰਟੀ (AAP) ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਜ਼ਿਕਰਯੋਗ ਹੈ ਕਿ ਰਾਜਿੰਦਰ ਗੁਪਤਾ ਉਨ੍ਹਾਂ ਸੱਤ ਰਾਜ ਸਭਾ ਮੈਂਬਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ‘ਆਪ’ ਦਾ ਪੱਲਾ ਛੱਡ ਕੇ ਭਾਜਪਾ ਦਾ ਹੱਥ ਫੜਿਆ ਹੈ। ਸੂਬਾ ਸਰਕਾਰ ਦੇ ਅਧੀਨ ਆਉਂਦੇ ਪ੍ਰਦੂਸ਼ਣ ਬੋਰਡ ਵੱਲੋਂ ਇਸ ਰਾਜਨੀਤਿਕ ਤਬਦੀਲੀ ਦੇ ਕੁਝ ਦਿਨਾਂ ਬਾਅਦ ਹੀ ਕੀਤੀ ਗਈ ਇਹ ਕਾਰਵਾਈ ਕਈ ਸਵਾਲ ਖੜ੍ਹੇ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਅਜੇ ਵੀ ਫੈਕਟਰੀ ਦੇ ਅੰਦਰ ਮੌਜੂਦ ਹੈ। ਅਧਿਕਾਰੀਆਂ ਵੱਲੋਂ ਪਲਾਂਟ ਦੀ ਕਾਰਜਪ੍ਰਣਾਲੀ ਅਤੇ ਪ੍ਰਦੂਸ਼ਣ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਵਿਭਾਗ ਵੱਲੋਂ ਇਸ ਛਾਪੇਮਾਰੀ ਦੇ ਨਤੀਜਿਆਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
Read More : ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਖ਼ਰਚ ਰਹੀ ਹੈ 600 ਕਰੋੜ : ਬਰਿੰਦਰ ਗੋਇਲ
