blast-railway

ਸ਼ੰਭੂ-ਅੰਬਾਲਾ ਰੇਲਵੇ ਲਾਈਨ ਬੰਬ ਧਮਾਕੇ ਦਾ ਭੇਤ ਸੁਲਝਿਆ;4 ਗ੍ਰਿਫ਼ਤਾਰ

ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਪੰਜਾਬ ਵਿਚ ਦਹਿਸ਼ਤ ਫੈਲਾਉਣ ਦੀ ਸੀ ਸਾਜ਼ਿਸ਼ : ਡੀਆਈਜੀ ਚਾਹਲ

ਪਟਿਆਲਾ, 29 ਅਪ੍ਰੈਲ : ਪਟਿਆਲਾ ਪੁਲਿਸ ਨੇ ਸ਼ੰਭੂ-ਅੰਬਾਲਾ ਰੇਲਵੇ ਲਾਈਨ ‘ਤੇ ਹੋਏ ਬੰਬ ਧਮਾਕੇ ਦੀ ਗੁੱਥੀ ਨੂੰ ਸਿਰਫ਼ 12 ਘੰਟਿਆਂ ਦੇ ਅੰਦਰ ਸੁਲਝਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ (ਆਈਐਸਆਈ) ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਐਸਪੀ (ਐਚ) ਵੈਭਵ ਚੌਧਰੀ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ, ਜਿਸ ਵਿੱਚ ਡੀਐਸਪੀ ਸੁਖਅੰਮ੍ਰਿਤ ਸਿੰਘ ਰੰਧਾਵਾ, ਸੀਆਈਏ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ, ਸੀਆਈਏ ਸਮਾਣਾ ਦੇ ਇੰਚਾਰਜ ਇੰਸਪੈਕਟਰ ਅੰਕੁਰਦੀਪ ਸਿੰਘ, ਕੋਤਵਾਲੀ ਥਾਣਾ ਪਟਿਆਲਾ ਦੇ ਐਸਐਚਓ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਅਤੇ ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ ਐਸਆਈ ਮਨਪ੍ਰੀਤ ਸਿੰਘ ਸ਼ਾਮਲ ਸਨ।

ਪੁਲਿਸ ਟੀਮਾਂ ਨੇ ਕਾਰਵਾਈ ਕਰਦੇ ਹੋਏ ਪ੍ਰਦੀਪ ਸਿੰਘ ਖਾਲਸਾ ਪੁੱਤਰ ਨਿਰਮਲ ਸਿੰਘ (ਮਾਨਸਾ), ਕੁਲਵਿੰਦਰ ਸਿੰਘ ਬੱਗਾ ਪੁੱਤਰ ਸੀਰਾ ਸਿੰਘ (ਬੱਪੀਆਣਾ, ਮਾਨਸਾ), ਸਤਨਾਮ ਸਿੰਘ ਸੱਤਾ ਪੁੱਤਰ ਲਖਵਿੰਦਰ ਸਿੰਘ (ਪੰਜਵੜ, ਤਰਨਤਾਰਨ) ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਸੁਖਵਿੰਦਰ ਸਿੰਘ (ਗੋਇੰਦਵਾਲ, ਤਰਨਤਾਰਨ) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਬੰਬ, ਦੋ ਪਿਸਤੌਲਾਂ ਸਮੇਤ ਜ਼ਿੰਦਾ ਕਾਰਤੂਸ, ਆਈਈਡੀ ਬਣਾਉਣ ਵਾਲੀ ਸਮੱਗਰੀ ਅਤੇ ਮਲੇਸ਼ੀਆ ਬੈਠੇ ਹੈਂਡਲਰਾਂ ਨਾਲ ਸੰਪਰਕ ਕਰਨ ਲਈ ਵਰਤਿਆ ਜਾਣ ਵਾਲਾ ਲੈਪਟਾਪ ਬਰਾਮਦ ਹੋਇਆ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਮਾਡਿਊਲ ਦਾ ਮੁੱਖ ਸੰਚਾਲਕ ਪ੍ਰਦੀਪ ਸਿੰਘ ਖਾਲਸਾ ਹੈ, ਜੋ “ਚਲਦਾ ਵਹਿਰ ਚੱਕਰਵਰਤੀ, ਅਟਾਰੀਏ” ਨਾਮਕ ਸੰਗਠਨ ਚਲਾਉਂਦਾ ਸੀ ਅਤੇ ਵਿਦੇਸ਼ੀ ਅੱਤਵਾਦੀ ਸਮੂਹਾਂ ਦੇ ਸੰਪਰਕ ਵਿੱਚ ਸੀ। ਇਨ੍ਹਾਂ ਦਾ ਮਕਸਦ ਪੰਜਾਬ ਦੇ ਮੁੱਖ ਰੇਲਵੇ ਰੂਟਾਂ ਅਤੇ ਜਨਤਕ ਥਾਵਾਂ ‘ਤੇ ਧਮਾਕੇ ਕਰਕੇ ਅੱਤਵਾਦ ਨੂੰ ਮੁੜ ਸੁਰਜੀਤ ਕਰਨਾ ਸੀ।

ਜ਼ਿਕਰਯੋਗ ਹੈ ਕਿ 27 ਅਪ੍ਰੈਲ ਦੀ ਰਾਤ ਨੂੰ ਸ਼ੰਭੂ-ਅੰਬਾਲਾ ਰੇਲਵੇ ਲਾਈਨ ‘ਤੇ ਹੋਏ ਧਮਾਕੇ ਤੋਂ ਬਾਅਦ ਜੀਆਰਪੀ ਅਤੇ ਕੋਤਵਾਲੀ ਥਾਣਾ ਪਟਿਆਲਾ ਵਿੱਚ ਯੂਏਪੀਏ (UAPA), ਵਿਸਫੋਟਕ ਐਕਟ ਅਤੇ ਅਸਲਾ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਫੰਡਿੰਗ ਅਤੇ ਹੋਰ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।

Read More : ਸੜਕ ਵਿਚਾਲੇ ਖਰਾਬ ਹੋਈ ਕੈਦੀਆਂ ਵਾਲੀ ਜੇਲ੍ਹ ਵੈਨ; ਧੱਕਾ ਲਾਉਂਦੇ ਦਿਖੇ ਪੁਲਿਸ ਮੁਲਾਜ਼ਮ

Leave a Reply

Your email address will not be published. Required fields are marked *