ਖੰਨਾ

ਫੈਕਟਰੀ ਪ੍ਰਬੰਧਨ ਖਿਲਾਫ ਸੜਕਾਂ ‘ਤੇ ਉਤਰੇ ਮਜ਼ਦੂਰ, ਜੀ.ਟੀ. ਰੋਡ ‘ਤੇ ਆਵਾਜਾਈ ਠੱਪ

8 ਘੰਟੇ ਦੀ ਬਜਾਏ 10-11 ਘੰਟੇ ਕੰਮ ਕਰਵਾਉਣ ਤੇ ਬਦਸਲੂਕੀ ਦੇ ਇਲਜ਼ਾਮ

ਖੰਨਾ, 28 ਅਪ੍ਰੈਲ : ਸ਼ਹਿਰ ਖੰਨਾ ਦੇ ਮੰਜੀ ਸਾਹਿਬ ਨੇੜੇ ਸਥਿਤ ਇਕ ਨਿੱਜੀ ਫੈਕਟਰੀ ਦੇ ਸੈਂਕੜੇ ਮਜ਼ਦੂਰਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਜੀ.ਟੀ. ਰੋਡ ‘ਤੇ ਧਰਨਾ ਲਗਾ ਕੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਇਸ ਪ੍ਰਦਰਸ਼ਨ ਕਾਰਨ ਹਾਈਵੇਅ ‘ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਅਤੇ ਲੰਮਾ ਜਾਮ ਲੱਗ ਗਿਆ।

ਮਜ਼ਦੂਰਾਂ ਨੇ ਫੈਕਟਰੀ ਪ੍ਰਬੰਧਨ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਤੋਂ ਨਿਯਮਾਂ ਦੇ ਉਲਟ 10 ਤੋਂ 11 ਘੰਟੇ ਕੰਮ ਕਰਵਾਇਆ ਜਾ ਰਿਹਾ ਹੈ, ਜਦਕਿ ਡਿਊਟੀ ਸਿਰਫ਼ 8 ਘੰਟੇ ਦੀ ਹੋਣੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ਨੇ ਘੱਟ ਤਨਖ਼ਾਹ ਦੇਣ ਅਤੇ ਮਜ਼ਦੂਰਾਂ ਨਾਲ ਬਦਸਲੂਕੀ ਕਰਨ ਦੇ ਵੀ ਦੋਸ਼ ਲਗਾਏ ਹਨ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਮਜ਼ਦੂਰਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਪਣੇ ਹੱਕਾਂ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਦੂਜੇ ਪਾਸੇ, ਫੈਕਟਰੀ ਪ੍ਰਬੰਧਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮਜ਼ਦੂਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਜ਼ਦੂਰ ਆਪਣੀਆਂ ਮੰਗਾਂ ‘ਤੇ ਅੜੇ ਰਹੇ ਅਤੇ ਧਰਨਾ ਜਾਰੀ ਰੱਖਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਜਾਮ ਬਰਕਰਾਰ ਸੀ ਅਤੇ ਮਾਮਲੇ ਦੇ ਹੱਲ ਲਈ ਗੱਲਬਾਤ ਚੱਲ ਰਹੀ ਸੀ। ਮਜ਼ਦੂਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।

Read More : ਪੰਜਾਬ ਵਿਚ ਭਿਆਨਕ ਗਰਮੀ ਤੋਂ ਵੱਡੀ ਰਾਹਤ, ਮੌਸਮ ਨੇ ਬਦਲੇ ਮਿਜ਼ਾਜ

Leave a Reply

Your email address will not be published. Required fields are marked *