ਵਿਦੇਸ਼ ਜਾਣ ਦੇ ਰੁਝਾਅ ਨੂੰ ਠੱਲ੍ਹ ਪਾਉਣ ਲਈ ਪੰਜਾਬੀ ਨੌਜਵਾਨਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਨਾਲ ਜੋੜਨ ਦਾ ਉਪਰਾਲਾ
ਚੰਡੀਗੜ੍ਹ, 27 ਅਪ੍ਰੈਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਚੰਡੀਗੜ੍ਹ ਦੇ ਸੈਕਟਰ 27-ਬੀ ਵਿਖੇ ਚੱਲ ਰਹੇ ‘ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ’ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਿਵਲ ਸੇਵਾਵਾਂ (ਐੱਸ.ਐੱਸ.ਪੀ., ਆਈ.ਏ.ਐੱਸ., ਆਈ.ਪੀ.ਐੱਸ., ਪੀ.ਸੀ.ਐੱਸ. ਆਦਿ) ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਪ੍ਰੇਰਿਆ ਤਾਂ ਜੋ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਵੱਧ ਰਹੇ ਰੁਝਾਅ ਨੂੰ ਠੱਲ੍ਹ ਪਾਈ ਜਾ ਸਕੇ।
ਪ੍ਰਧਾਨ ਧਾਮੀ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਕਾਲਜਾਂ ’ਚ ਇਸੇ ਸੈਸ਼ਨ 2026-2027 ਤੋਂ ਬੀ.ਏ. (ਭਾਗ ਪਹਿਲਾ) ਤੋਂ ਹੀ ਸਿਵਲ ਪ੍ਰੀਖਿਆਵਾਂ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਫ੍ਰੀ ’ਚ ਕਰਵਾਈ ਜਾਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਉਪਰਾਲੇ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ। ਉਨ੍ਹਾਂ ਅਕੈਡਮੀ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਮੁੱਢਲੀ ਕੋਸ਼ਿਸ਼ ’ਚ ਹੀ ਪੀ.ਸੀ.ਐੱਸ. ਪ੍ਰੀਲੀਅਮਰੀ ਪ੍ਰੀਖਿਆ ਪਾਸ ਕੀਤੀ ਹੈ।
ਸੁਖਮਿੰਦਰ ਸਿੰਘ ਸਕੱਤਰ (ਵਿੱਦਿਆ) ਨੇ ਇਨ੍ਹਾਂ ਉਪਰਾਲਿਆਂ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਅੰਤ੍ਰਿੰਗ ਕਮੇਟੀ ਮੈਂਬਰ ਦਿਲਜੀਤ ਸਿੰਘ ਭਿੰਡਰ, ਹਰਜਿੰਦਰ ਕੌਰ, ਅਮਰਜੀਤ ਸਿੰਘ ਚਾਵਲਾ, ਰਾਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿੰਟੇਵੰਢ, ਸ਼ਮਸ਼ੇਰ ਸਿੰਘ ਕੋ-ਆਰਡੀਨੇਟਰ ਅਤੇ ਵਿਦਿਆਰਥੀ ਮੌਜੂਦ ਸਨ।
Read More : ਪਾਕਿ ਤੋਂ ਭੇਜੀ 4.490 ਕਿੱਲੋ ਹੈਰੋਇਨ ਸਮੇਤ ਇਨੋਵਾ ਸਵਾਰ ਕਾਬੂ
