ਵਿਦੇਸ਼ ਬੈਠੇ ਗੈਂਗਸਟਰ ਸੋਨੂੰ ਖੱਤਰੀ ਅਤੇ ਕਮਲਜੀਤ ਦੀ ਸ਼ਹਿ ’ਤੇ ਚੱਲ ਰਿਹਾ ਸੀ ਨਸ਼ਾ ਸਪਲਾਈ ਦਾ ਨੈੱਟਵਰਕ
ਨਵਾਂਸ਼ਹਿਰ, 27 ਅਪ੍ਰੈਲ : ਵਿਦੇਸ਼ ’ਚ ਬੈਠੇ ਗੈਂਗਸਟਰ ਸੋਨੂੰ ਖੱਤਰੀ ਅਤੇ ਕਮਲਜੀਤ ਉਰਫ਼ ਕਮਲ ਦੀ ਸ਼ਹਿ ’ਤੇ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਸਮੇਤ ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਕੋਲੋਂ 4 ਕਿੱਲੋ 490 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਐੱਸ.ਐੱਸ.ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਕੰਗਣਾ ਪੁਲ ਬਲਾਚੌਰ ’ਤੇ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰਕੇਸ਼ ਕੁਮਾਰ ਉਰਫ਼ ਰਾਹੁਲ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਟਕਾਰਲਾ ਨੂੰ ਇਨੋਵਾ ਕ੍ਰਿਸਟਾ ਗੱਡੀ (ਪੀ.ਬੀ.01ਬੀ-4334) ਸਮੇਤ ਕਾਬੂ ਕੀਤਾ। ਮੁਲਜ਼ਮ ਪਿੰਡ ਜਾਡਲਾ ਸਾਈਡ ਤੋਂ ਨਹਿਰ ਦੇ ਨਾਲ-ਨਾਲ ਕਸਬਾ ਬਲਾਚੌਰ ਵੱਲ ਆ ਰਿਹਾ ਸੀ। ਮੁੱਢਲੀ ਤਫ਼ਤੀਸ਼ ’ਚ ਮੁਲਜ਼ਮ ਰਕੇਸ਼ ਕੁਮਾਰ ਨੇ ਦੱਸਿਆ ਕਿ ਕਮਲਜੀਤ ਸਿੰਘ ਉਰਫ਼ ਕਮਲ ਉਸ ਦਾ ਪੁਰਾਣਾ ਜਾਣਕਾਰ ਹੈ, ਜਿਸ ਨੇ ਉਸ ਦਾ ਸੰਪਰਕ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਨਾਲ ਕਰਵਾਇਆ ਸੀ।
ਸੋਨੂੰ ਖੱਤਰੀ ਸਿਗਨਲ ਐਪ ਰਾਹੀਂ ਉਸ ਨਾਲ ਗੱਲਬਾਤ ਕਰਦਾ ਸੀ ਅਤੇ ਉਸ ਦੇ ਕਹਿਣ ’ਤੇ ਹੀ ਉਹ ਫ਼ਾਜ਼ਿਲਕਾ ਤੇ ਅੰਮ੍ਰਿਤਸਰ ਤੋਂ ਹੈਰੋਇਨ ਦੀ ਖੇਪ ਲਿਆ ਕੇ ਬਲਾਚੌਰ ਇਲਾਕੇ ’ਚ ਸਪਲਾਈ ਕਰਦਾ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਸ ਨੇ ਸੋਨੂੰ ਖੱਤਰੀ, ਕਮਲਜੀਤ ਸਿੰਘ ਅਤੇ ਰਕੇਸ਼ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਰਕੇਸ਼ ਕੁਮਾਰ ਨੂੰ 4 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਫੜੇ ਗਏ ਮੁਲਜ਼ਮ ਕੋਲੋਂ ਹੈਰੋਇਨ ਤੋਂ ਇਲਾਵਾ 6 ਮੋਮੀ ਲਿਫ਼ਾਫ਼ੇ, ਉਰਦੂ ’ਚ ਲਿਖੇ ਚਾਰ ਕੱਪੜੇ ਦੇ ਪੁਲੰਦੇ ਅਤੇ ਇਨੋਵਾ ਗੱਡੀ ਜ਼ਬਤ ਕੀਤੀ ਗਈ ਹੈ।
Read More : ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਐਂਫੀਬੀਅਸ ਮਸ਼ੀਨਾਂ ਦੀ ਖ਼ਰੀਦ ਨੂੰ ਮਨਜ਼ੂਰੀ : ਮਾਨ
