ਮੁਲਜ਼ਮ ਨੂੰ ਪਨਾਹ ਦੇਣ ਵਾਲੇ ਦੋ ਸਾਥੀ ਵੀ ਪੁਲਿਸ ਨੇ ਕੀਤੇ ਕਾਬੂ; ਉੜੀਸਾ ਭੱਜਣ ਦੀ ਸੀ ਤਿਆਰੀ
ਬਟਾਲਾ, 27 ਅਪ੍ਰੈਲ : ਪੁਲਸ ਜ਼ਿਲਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਸੇਖਵਾਂ ਦੀ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਹਵਾਲਾਤ ਤੋੜ ਕੇ ਫ਼ਰਾਰ ਹੋਏ ਕਤਲ ਕੇਸ ਦੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਤਲ ਕੇਸ ਦਾ ਮੁਲਜ਼ਮ ਗੁਰਮੀਤ ਸਿੰਘ ਉਰਫ਼ ਜਿੰਦੀ ਅਤੇ ਇੱਕ ਨਸ਼ਾ ਤਸਕਰ ਹਵਾਲਾਤ ਵਿੱਚੋਂ ਫ਼ਰਾਰ ਹੋ ਗਏ ਸਨ। ਪੁਲਿਸ ਨੇ ਨਸ਼ਾ ਤਸਕਰ ਨੂੰ ਪਹਿਲਾਂ ਹੀ ਸਤਕੋਹਾ ਡਰੇਨ ਨੇੜਿਓਂ ਕਾਬੂ ਕਰ ਲਿਆ ਸੀ, ਜਦਕਿ ਜਿੰਦੀ ਦੀ ਭਾਲ ਜਾਰੀ ਸੀ।
ਥਾਣਾ ਸੇਖਵਾਂ ਦੀ ਐੱਸ.ਐੱਚ.ਓ. ਰਜਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਲਗਾਤਾਰ ਛਾਪੇਮਾਰੀ ਸਦਕਾ ਗੁਰਮੀਤ ਸਿੰਘ ਉਰਫ਼ ਜਿੰਦੀ ਪੁੱਤਰ ਚੰਨਣ ਸਿੰਘ ਵਾਸੀ ਡੇਹਰੀਵਾਲ ਦਰੋਗਾ ਨੂੰ ਲੁਧਿਆਣਾ ਤੋਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਉੱਥੋਂ ਉੜੀਸਾ ਵੱਲ ਭੱਜਣ ਦੀ ਯੋਜਨਾ ਬਣਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਫ਼ਰਾਰ ਮੁਲਜ਼ਮ ਨੂੰ ਪਨਾਹ ਦੇਣ ਅਤੇ ਉਸ ਦੀ ਮਦਦ ਕਰਨ ਦੇ ਦੋਸ਼ ਹੇਠ ਕੁਲਦੀਪ ਸਿੰਘ ਉਰਫ਼ ਮੰਨਾ ਅਤੇ ਪਰਮਜੀਤ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Read More : ਗੁਰਦਾਸਪੁਰ ’ਚ 8 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦਾ ਮੁੱਖ ਮੁਲਜ਼ਮ ਕਾਬੂ
