ਕਿਹਾ- ਬਿਜਲੀ ਸੰਕਟ ਸਿਰਫ਼ ਪੰਜਾਬ ਤੱਕ ਸੀਮਤ ਨਹੀਂ, ਪੂਰੇ ਉੱਤਰ ਭਾਰਤ ਵਿੱਚ ਹੈ ਗੰਭੀਰ ਸਥਿਤੀ
ਚੰਡੀਗੜ੍ਹ, 27 ਅਪ੍ਰੈਲ : ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਦੇ ਵਧ ਰਹੇ ਸੰਕਟ ਨੂੰ ਲੈ ਕੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਗੱਲਬਾਤ ਕਰਦਿਆਂ ਅਹਿਮ ਬਿਆਨ ਦਿੱਤਾ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ 1 ਮਈ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਦੀ ਕੋਈ ਸਮੱਸਿਆ ਨਹੀਂ ਰਹੇਗੀ ਅਤੇ ਬਿਜਲੀ ਦੇ ਕੱਟ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ।
ਬਿਜਲੀ ਮੰਤਰੀ ਨੇ ਸਪੱਸ਼ਟ ਕੀਤਾ ਕਿ 18 ਅਪ੍ਰੈਲ ਤੋਂ ਬਿਜਲੀ ਦਾ ਸੰਕਟ ਜ਼ਰੂਰ ਵਧਿਆ ਹੈ ਪਰ ਇਹ ਸਮੱਸਿਆ ਕੇਵਲ ਪੰਜਾਬ ਤੱਕ ਸੀਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੂਰੇ ਉੱਤਰ ਭਾਰਤ ਵਿੱਚ ਇਸ ਸਮੇਂ ਬਿਜਲੀ ਦਾ ਸੰਕਟ ਚੱਲ ਰਿਹਾ ਹੈ। ਬਾਹਰੋਂ ਮਿਲਣ ਵਾਲੀ ਬਿਜਲੀ ਦੀ ਸਪਲਾਈ ਵਿੱਚ ਵੀ ਕਮੀ ਆਈ ਹੈ, ਜਿਸ ਦਾ ਅਸਰ ਸੂਬੇ ‘ਤੇ ਪੈ ਰਿਹਾ ਹੈ।
ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਰਕਾਰ 24 ਘੰਟੇ ਬਿਜਲੀ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਅਗਲੇ 1-2 ਦਿਨਾਂ ਵਿੱਚ ਬਿਜਲੀ ਦੀ ਕਮੀ ਨੂੰ ਪੂਰਾ ਕਰ ਲਿਆ ਜਾਵੇਗਾ।
ਸੰਜੀਵ ਅਰੋੜਾ ਨੇ ਕੱਟ ਲੱਗਣ ਦੇ ਕੁਝ ਖਾਸ ਕਾਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਿਜਲੀ ਸਿਸਟਮ ਦੇ ਅਪਗ੍ਰੇਡਸ਼ਨ ਦਾ ਕੰਮ 15 ਮਈ ਤੱਕ ਪੂਰਾ ਕੀਤਾ ਜਾਣਾ ਸੀ ਪਰ ਅਪ੍ਰੈਲ ਮਹੀਨੇ ਵਿੱਚ ਹੀ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਉਮੀਦ ਤੋਂ ਕਿਤੇ ਜ਼ਿਆਦਾ ਵਧ ਗਈ। ਕਈ ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਕੱਟ ਲਗਾਉਣੇ ਪੈ ਰਹੇ ਹਨ।
ਬਿਜਲੀ ਮੰਤਰੀ ਨੇ ਕਿਹਾ ਕਿ ਵਿਭਾਗ ਇਸ ਸਮੇਂ ਪੂਰੀ ਤਰ੍ਹਾਂ ਚੌਕਸ ਹੈ ਅਤੇ ਜਲਦ ਹੀ ਸਥਿਤੀ ਨੂੰ ਆਮ ਵਾਂਗ ਬਹਾਲ ਕਰ ਦਿੱਤਾ ਜਾਵੇਗਾ।
Read More : ਅਰਵਿੰਦ ਕੇਜਰੀਵਾਲ ਦਾ ਵੱਡਾ ਫੈਸਲਾ: ‘ਜਸਟਿਸ ਸਵਰਨ ਕਾਂਤਾ ਦੀ ਅਦਾਲਤ ‘ਚ ਪੇਸ਼ ਨਹੀਂ ਹੋਵਾਂਗਾ’
