Satnam-Singh-Sandhu

ਡੇਰਾਬੱਸੀ ਤੇ ਲਾਲੜੂ ਬਣਨਗੇ ਮਹਿਲਾ ਸੈਲਫ਼ ਹੈਲਪ ਗਰੁੱਪਾਂ ਦੇ ਕੇਂਦਰ : ਐੱਮ.ਪੀ. ਸਤਨਾਮ ਸੰਧੂ

‘ਲਖਪਤੀ ਦੀਦੀ’ ਤੇ ‘ਡ੍ਰੋਨ ਦੀਦੀ’ ਸਕੀਮਾਂ ਰਾਹੀਂ ਬਦਲੇਗੀ ਇਲਾਕੇ ਦੀ ਤਸਵੀਰ; ਹੁਨਰ ਸਿਖਲਾਈ ਕੇਂਦਰ ਤੇ ‘ਸ਼ੀ-ਮਾਰਟ’ ਖੋਲ੍ਹਣ ਦਾ ਦਿੱਤਾ ਭਰੋਸਾ

ਚੰਡੀਗੜ੍ਹ, 26 ਅਪ੍ਰੈਲ : ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਪੰਜਾਬ ਦੇ ਲਗਭਗ 60 ਮਹਿਲਾ ਸੈਲਫ਼ ਹੈਲਪ ਗਰੁੱਪਾਂ ਦੀਆਂ ਕਰੀਬ 500 ਮਹਿਲਾਵਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ‘ਦੀਨਦਿਆਲ ਅੰਤੋਦਿਆ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵੀਕਾ ਮਿਸ਼ਨ’ ਅਧੀਨ ਚਲਾਈਆਂ ਗਈਆਂ ‘ਲਖਪਤੀ ਦੀਦੀ’ ਅਤੇ ‘ਡ੍ਰੋਨ ਦੀਦੀ’ ਵਰਗੀਆਂ ਸਕੀਮਾਂ ਰਾਹੀਂ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਇਹ ਮਿਸ਼ਨ ਦੇਸ਼ ਦੇ ਗ਼ਰੀਬ ਪੇਂਡੂ ਪਰਿਵਾਰਾਂ ਦੇ ਜੀਵਨ ਪੱਧਰ ਅਤੇ ਰੋਜ਼ੀ ਰੋਟੀ ਦੇ ਸਾਧਨਾਂ ਵਿੱਚ ਸੁਧਾਰ ਲਿਆਉਣ ਲਈ ਕੇਂਦਰ ਸਰਕਾਰ ਦੁਆਰਾ ਸਪੌਂਸਰ ਕੀਤੀ ਗਈ ਇੱਕ ਅਹਿਮ ਯੋਜਨਾ ਹੈ।

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਅਤੇ ਪੰਜਾਬ ਐਗਰੋ ਇੰਡਸਟਰੀਜ਼ ਦੇ ਸਾਬਕਾ ਵਾਈਸ-ਚੇਅਰਮੈਨ ਮਨਪ੍ਰੀਤ ਸਿੰਘ ਬੰਨੀ ਸੰਧੂ ਅਤੇ ਭਾਜਪਾ ਦੇ ਡੇਰਾਬੱਸੀ ਮੰਡਲ ਇੰਚਾਰਜ ਜਗਦੀਪ ਸਿੰਘ ਔਜਲਾ ਦੇ ਨਾਲ ਡੇਰਾਬੱਸੀ ਅਤੇ ਲਾਲੜੂ ਵਿਖੇ ਸੈਲਫ਼ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਵੱਲੋਂ ਲਗਾਈਆਂ ਗਈਆਂ ਸਟਾਲਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀ ਮਿਹਨਤ ਤੇ ਲਗਨ ਦੀ ਭਰਪੂਰ ਸ਼ਲਾਘਾ ਕੀਤੀ। ਇਨ੍ਹਾਂ ਸਟਾਲਾਂ ਉੱਪਰ ਪੁਰਾਣੇ ਪੰਜਾਬ ਦੀਆਂ ਰਵਾਇਤਾਂ ਦੀ ਝਲਕ ਸਾਫ਼ ਦੇਖਣ ਨੂੰ ਮਿਲੀ, ਜਿਨ੍ਹਾਂ ਵਿੱਚ ਫੁਲਕਾਰੀ ਸੂਟ, ਪੰਜਾਬੀ ਜੁੱਤੀਆਂ, ਸ਼ਹਿਦ, ਅਚਾਰ, ਸਕੁਐਸ਼, ਸਿਰਕਾ, ਤੇਲ, ਮਸਾਲੇ, ਪਾਪੜ, ਸਾਬਣ ਅਤੇ ਮੋਮਬੱਤੀਆਂ ਸ਼ਾਮਲ ਸਨ।

ਇਸ ਮੌਕੇ ਮਹਿਲਾਵਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਡੇਰਾਬੱਸੀ ਵਾਸੀ ਡਿੰਪਲ, ਜੋ ‘ਦਸਮੇਸ਼ ਆਜੀਵਿਕਾ ਗਰੁੱਪ’ ਦੀ ਮੈਂਬਰ ਹੈ, ਨੇ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਸਜਾਵਟ ਦਾ ਸਮਾਨ ਅਤੇ ਸਿਲਾਈ ਦਾ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ‘ਲਖਪਤੀ ਦੀਦੀ’ ਸਕੀਮ ਰਾਹੀਂ ਮਿਲੇ ਕਰਜ਼ੇ ਨਾਲ ਉਨ੍ਹਾਂ ਦਾ ਕੰਮ ਪਿਛਲੇ ਦੋ ਸਾਲਾਂ ਵਿੱਚ ਦੁੱਗਣਾ ਹੋ ਗਿਆ ਹੈ ਅਤੇ ਹੁਣ ਉਹ ‘ਡਰੋਨ ਦੀਦੀ’ ਲਈ ਵੀ ਸਿਖਲਾਈ ਲੈ ਰਹੀ ਹੈ।

ਮੋਹਾਲੀ ਦੀ ਰਹਿਣ ਵਾਲੀ ‘ਸ਼ੀਤਲਾ ਆਜੀਵਿਕਾ SHG’ ਦੀ ਮੈਂਬਰ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਦੀ ਸਾਲਾਨਾ ਆਮਦਨ ਲਗਭਗ 15 ਲੱਖ ਰੁਪਏ ਹੈ ਅਤੇ ਇਸ ਕਮਾਈ ਨਾਲ ਉਹ ਆਪਣੇ ਬੇਟੇ ਨੂੰ ਕੈਨੇਡਾ ਭੇਜਣ ਵਿੱਚ ਸਫ਼ਲ ਹੋਈਆਂ ਹਨ। ਇਸੇ ਤਰ੍ਹਾਂ ‘ਸਰਬਤ ਦਾ ਭਲਾ’ ਗਰੁੱਪ ਦੀ ਮੋਨੀਆ ਨੇ ਦੱਸਿਆ ਕਿ ਉਹ ਸਿਹਤ ਸੰਭਾਲ ਨਾਲ ਸਬੰਧਤ ਉਤਪਾਦ ਤਿਆਰ ਕਰਦੇ ਹਨ ਅਤੇ ਹਰ ਮੈਂਬਰ ਨੂੰ 10,000 ਰੁਪਏ ਮਹੀਨਾ ਕਮਾਈ ਹੋ ਰਹੀ ਹੈ। ‘ਨਾਰੀ ਸ਼ਕਤੀ’ ਗਰੁੱਪ ਦੀ ਸਰੋਜ ਰਾਣੀ ਨੇ ਦੱਸਿਆ ਕਿ ਉਹ ਪਿਛਲੇ ਛੇ ਸਾਲਾਂ ਤੋਂ ਪੰਜਾਬੀ ਜੁੱਤੀਆਂ ਬਣਾ ਕੇ 12 ਤੋਂ ਵੱਧ ਰਾਜਾਂ ਦੇ ‘ਸਾਰਸ ਮੇਲਿਆਂ’ ਵਿੱਚ ਆਪਣੇ ਉਤਪਾਦ ਵੇਚ ਚੁੱਕੇ ਹਨ।

ਇਸ ਮੌਕੇ ਐੱਮ.ਪੀ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾਵਾਂ ਨੂੰ ਦੇਸ਼ ਦੇ ਨਿਰਮਾਣ ਵਿੱਚ ਬਣਦਾ ਸਨਮਾਨ ਦਿੱਤਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਦੇਸ਼ ਭਰ ਵਿੱਚ 2.9 ਕਰੋੜ ਮਹਿਲਾਵਾਂ ਪਹਿਲਾਂ ਹੀ ‘ਲਖਪਤੀ ਦੀਦੀ’ ਬਣ ਚੁੱਕੀਆਂ ਹਨ, ਜਿਨ੍ਹਾਂ ਵਿੱਚ ਪੰਜਾਬ ਦੀਆਂ 3,24,811 ਮਹਿਲਾਵਾਂ ਸ਼ਾਮਲ ਹਨ।

ਐੱਮ.ਪੀ. ਸੰਧੂ ਨੇ ਮਹਿਲਾਵਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਡੇਰਾਬੱਸੀ ਅਤੇ ਲਾਲੜੂ ਨੂੰ ਸੈਲਫ਼ ਹੈਲਪ ਗਰੁੱਪਾਂ ਦੇ ਗੜ੍ਹ ਵਜੋਂ ਵਿਕਸਿਤ ਕਰਨ ਦਾ ਐਲਾਨ ਕਰਦਿਆਂ ਮਨਪ੍ਰੀਤ ਸਿੰਘ ਬੰਨੀ ਸੰਧੂ ਨੂੰ ਹਦਾਇਤ ਕੀਤੀ ਕਿ ਡੇਰਾਬੱਸੀ ਵਿੱਚ ਇੱਕ ਆਧੁਨਿਕ ਹੁਨਰ ਸਿਖਲਾਈ ਕੇਂਦਰ ਲਈ ਜ਼ਮੀਨ ਦੀ ਭਾਲ ਕੀਤੀ ਜਾਵੇ, ਜਿਸ ਲਈ ਉਹ ਐੱਮ.ਪੀ.-ਲੈਡ ਫੰਡ ਅਤੇ ਕੇਂਦਰ ਸਰਕਾਰ ਤੋਂ ਗ੍ਰਾਂਟ ਦਿਵਾਉਣਗੇ।

ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਵਜੋਂ ‘ਟ੍ਰੇਨਿੰਗ ਦ ਟ੍ਰੇਨਰਜ਼’ ਪ੍ਰੋਗਰਾਮ ਸ਼ੁਰੂ ਕਰਨ ਅਤੇ ਚੰਡੀਗੜ੍ਹ ਵਿੱਚ ਉਤਪਾਦਾਂ ਦੀ ਵਿਕਰੀ ਲਈ ‘ਸ਼ੀ ਮਾਰਟ’ (SHE Mart) ਸਥਾਪਤ ਕਰਨ ਦਾ ਵੀ ਵਾਅਦਾ ਕੀਤਾ। ਇਸ ਤੋਂ ਇਲਾਵਾ ਮਹਿਲਾਵਾਂ ਦੀ ਸਹੂਲਤ ਲਈ ਉਹ ਪੀਆਰਟੀਸੀ ਅਤੇ ਸੀਟੀਯੂ ਨਾਲ ਗੱਲਬਾਤ ਕਰਕੇ ਡੇਰਾਬੱਸੀ ਅਤੇ ਲਾਲੜੂ ਵਿੱਚ ਬੱਸਾਂ ਦੇ ਵਿਸ਼ੇਸ਼ ਸਟੌਪੇਜ ਯਕੀਨੀ ਬਣਾਉਣਗੇ। ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿੱਚ ‘ਸੈਲਫ਼ ਹੈਲਪ ਗਰੁੱਪ ਕ੍ਰਾਫ਼ਟਸ ਮੇਲਾ’ ਲਗਾਉਣ ਅਤੇ ਉਤਪਾਦਾਂ ਦੀ ‘ਜੀਓ-ਟੈਗਿੰਗ’ ਕਰਵਾਉਣ ਦਾ ਵੀ ਐਲਾਨ ਕੀਤਾ।

Read More : ਕਾਂਗਰਸ ਵੱਲੋਂ ਐੱਸ.ਸੀ. ਡਿਪਾਰਟਮੈਂਟ ਲਈ ਸਟੇਟ ਕੌਂਸਲ ਐਡਵਾਈਜ਼ਰੀ ਕਮੇਟੀ ਦਾ ਗਠਨ

Leave a Reply

Your email address will not be published. Required fields are marked *