PBKS-DC

PBKS ਬਨਾਮ DC : 265 ਦੌੜਾਂ ਦਾ ਪਹਾੜ ਵੀ ਹੋਇਆ ਛੋਟਾ; IPL ‘ਚ ਪੰਜਾਬ ਕਿੰਗਜ਼ ਦੀ ਇਤਿਹਾਸਕ ਜਿੱਤ

ਪ੍ਰਭਸਿਮਰਨ-ਪ੍ਰਿਆਂਸ਼ ਦੀ ਤੂਫ਼ਾਨੀ ਬੱਲੇਬਾਜ਼ੀ ਨੇ ਪਲਟਿਆ ਪਾਸਾ

ਨਵੀਂ ਦਿੱਲੀ, 25 ਅਪ੍ਰੈਲ : ਆਈ.ਪੀ.ਐੱਲ. 2026 ਦੇ 35ਵੇਂ ਮੁਕਾਬਲੇ ਵਿਚ ਪੰਜਾਬ ਕਿੰਗਜ਼ (PBKS) ਨੇ ਉਹ ਕਰ ਵਿਖਾਇਆ ਜੋ ਅੱਜ ਤੱਕ ਕ੍ਰਿਕਟ ਦੇ ਇਤਿਹਾਸ ਵਿੱਚ ਨਹੀਂ ਹੋਇਆ ਸੀ। ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਪੰਜਾਬ ਨੇ ਆਈ.ਪੀ.ਐੱਲ. ਇਤਿਹਾਸ ਦਾ ਸਭ ਤੋਂ ਵੱਡਾ ‘ਰਨ ਚੇਜ਼’ ਕਰਦੇ ਹੋਏ ਦਿੱਲੀ ਕੈਪੀਟਲਜ਼ ਨੂੰ 6 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਪੰਜਾਬ ਨੇ 265 ਦੌੜਾਂ ਦੇ ਵਿਸ਼ਾਲ ਟੀਚੇ ਨੂੰ ਇੱਕ ਓਵਰ ਰਹਿੰਦਿਆਂ ਹੀ ਹਾਸਲ ਕਰ ਲਿਆ।

ਕੇ.ਐੱਲ. ਰਾਹੁਲ ਦਾ ਤੂਫਾਨ ਵੀ ਨਾ ਬਚਾ ਸਕਿਆ ਦਿੱਲੀ
ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਨੇ ਨਿਰਧਾਰਤ 20 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 264 ਦੌੜਾਂ ਦਾ ਅਪਹੁੰਚ ਲੱਗਣ ਵਾਲਾ ਸਕੋਰ ਖੜ੍ਹਾ ਕੀਤਾ ਸੀ। ਦਿੱਲੀ ਦੇ ਕਪਤਾਨ ਕੇ.ਐੱਲ. ਰਾਹੁਲ ਨੇ ਅਦਭੁਤ ਬੱਲੇਬਾਜ਼ੀ ਕਰਦਿਆਂ ਸਿਰਫ਼ 67 ਗੇਂਦਾਂ ਵਿੱਚ ਅਜੇਤੂ 152 ਦੌੜਾਂ ਬਣਾਈਆਂ। ਇਹ ਆਈ.ਪੀ.ਐੱਲ. ਦੇ ਇਤਿਹਾਸ ਵਿੱਚ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਖੇਡੀ ਗਈ ਸਭ ਤੋਂ ਵੱਡੀ ਪਾਰੀ ਹੈ। ਉਨ੍ਹਾਂ ਦਾ ਸਾਥ ਨੀਤੀਸ਼ ਰਾਣਾ ਨੇ ਦਿੱਤਾ, ਜਿਨ੍ਹਾਂ ਨੇ 44 ਗੇਂਦਾਂ ਵਿੱਚ 91 ਦੌੜਾਂ ਦਾ ਯੋਗਦਾਨ ਪਾਇਆ।

ਪੰਜਾਬ ਦੀ ‘ਧਾਕੜ’ ਸ਼ੁਰੂਆਤ
265 ਦੌੜਾਂ ਦੇ ਪਹਾੜੀ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੇ ਬੱਲੇਬਾਜ਼ ਕਿਸੇ ਵੀ ਦਬਾਅ ਵਿੱਚ ਨਜ਼ਰ ਨਹੀਂ ਆਏ। ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਅਤੇ ਪ੍ਰਿਆਂਸ਼ ਆਰਿਆ ਨੇ ਦਿੱਲੀ ਦੇ ਗੇਂਦਬਾਜ਼ਾਂ ਦੀ ਧੱਜੀਆਂ ਉਡਾ ਦਿੱਤੀਆਂ। ਪ੍ਰਭਸਿਮਰਨ ਸਿੰਘ ਨੇ ਮਹਿਜ਼ 26 ਗੇਂਦਾਂ ਵਿੱਚ 76 ਦੌੜਾਂ (9 ਚੌਕੇ, 5 ਛੱਕੇ) ਠੋਕ ਦਿੱਤੀਆਂ, ਜਦਕਿ ਪ੍ਰਿਆਂਸ਼ ਆਰਿਆ ਨੇ 17 ਗੇਂਦਾਂ ਵਿੱਚ 43 ਦੌੜਾਂ ਦੀ ਤੇਜ਼ ਪਾਰੀ ਖੇਡੀ। ਇਨ੍ਹਾਂ ਦੋਵਾਂ ਦੀ ਬਦੌਲਤ ਪੰਜਾਬ ਨੇ ਮਹਿਜ਼ 7 ਓਵਰਾਂ ਵਿੱਚ ਹੀ 126 ਦੌੜਾਂ ਬਣਾ ਕੇ ਜਿੱਤ ਦੀ ਨੀਂਹ ਰੱਖ ਦਿੱਤੀ ਸੀ।

ਖੇਡ ਦੇ ਵਿਚਕਾਰ ਵਾਪਰਿਆ ਹਾਦਸਾ
ਮੈਚ ਦੇ ਦੌਰਾਨ ਦਿੱਲੀ ਦੇ ਗੇਂਦਬਾਜ਼ ਲੁੰਗੀ ਐਨਗਿਡੀ ਨਾਲ ਇੱਕ ਮੰਦਭਾਗੀ ਘਟਨਾ ਵਾਪਰੀ। ਕੈਚ ਫੜਨ ਦੀ ਕੋਸ਼ਿਸ਼ ਵਿੱਚ ਉਹ ਸਿਰ ਦੇ ਭਾਰ ਜ਼ਮੀਨ ‘ਤੇ ਡਿੱਗ ਪਏ, ਜਿਸ ਕਾਰਨ ਮੈਚ ਨੂੰ ਕੁਝ ਸਮੇਂ ਲਈ ਰੋਕਣਾ ਪਿਆ।

ਅੰਕ ਸੂਚੀ ਵਿਚ ਪੰਜਾਬ ਦਾ ਦਬਦਬਾ
ਇਸ ਇਤਿਹਾਸਕ ਜਿੱਤ ਨਾਲ ਪੰਜਾਬ ਕਿੰਗਜ਼ ਦਾ ਅਜੇਤੂ ਸਫ਼ਰ ਜਾਰੀ ਹੈ। ਟੀਮ 6 ਮੈਚਾਂ ਵਿੱਚ 11 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਸਿਖਰ ‘ਤੇ ਕਾਬਜ਼ ਹੋ ਗਈ ਹੈ। ਦੂਜੇ ਪਾਸੇ, ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਹੀ ਦਿੱਲੀ ਦੀ ਟੀਮ ਹੁਣ ਛੇਵੇਂ ਸਥਾਨ ‘ਤੇ ਖਿਸਕ ਗਈ ਹੈ।

Read More : ਥਾਣਾ ਸੇਖਵਾਂ ਦੀ ਹਵਾਲਾਤ ਦਾ ਤਾਲਾ ਤੋੜ ਕੇ 2 ਮੁਲਜ਼ਮ ਫਰਾਰ

Leave a Reply

Your email address will not be published. Required fields are marked *