ਫਰਾਰ ਮੁਲਜ਼ਮਾਂ ਸਮੇਤ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਅਤੇ ਹੌਲਦਾਰ ਵਿਰੁੱਧ ਕੇਸ ਦਰਜ: ਡੀ. ਐੱਸ. ਪੀ. ਸੁਖਇੰਦਰ ਸਿੰਘ
ਬਟਾਲਾ, 25 ਅਪ੍ਰੈਲ : ਥਾਣਾ ਸੇਖਵਾਂ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਦੋ ਮੁਲਜ਼ਮ ਹਵਾਲਾਤ ਦਾ ਤਾਲਾ ਤੋੜ ਕੇ ਪੁਲਸ ਦੀ ਨੱਕ ਹੇਠੋਂ ਫਰਾਰ ਹੋ ਗਏ। ਇਸ ਘਟਨਾ ਨਾਲ ਪੁਲਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਡੀ. ਐੱਸ. ਪੀ. ਸਿਟੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਸੇਖਵਾਂ ਦੀ ਹਵਾਲਾਤ ’ਚ ਗੁਰਮੇਜ ਸਿੰਘ ਵਾਸੀ ਡੇਹਰੀਵਾਲ ਦਰੋਗਾ ਅਤੇ ਹਰਪਾਲ ਸਿੰਘ ਵਾਸੀ ਚੂਹਰਚੱਕ ਬੰਦ ਸਨ। ਗੁਰਮੇਜ ਸਿੰਘ ਕਤਲ ਦੇ ਕੇਸ ’ਚ ਰਿਮਾਂਡ ’ਤੇ ਸੀ, ਜਦਕਿ ਹਰਪਾਲ ਸਿੰਘ ਨੂੰ ਬੀਤੇ ਦਿਨ ਹੀ ਨਸ਼ਾ ਤਸਕਰੀ (ਐੱਨ. ਡੀ. ਪੀ. ਐੱਸ. ਐਕਟ) ਦੇ ਕੇਸ ’ਚ ਗ੍ਰਿਫਤਾਰ ਕੀਤਾ ਗਿਆ ਸੀ। ਬੀਤੀ ਰਾਤ ਇਹ ਦੋਵੇਂ ਮੁਲਜ਼ਮ ਹਵਾਲਾਤ ਦਾ ਤਾਲਾ ਤੋੜ ਕੇ ਫਰਾਰ ਹੋ ਗਏ।
ਪੁਲਸ ਨੇ ਇਸ ਮਾਮਲੇ ’ਚ ਸਖ਼ਤ ਕਾਰਵਾਈ ਕਰਦਿਆਂ ਫਰਾਰ ਹੋਏ ਦੋਵਾਂ ਮੁਲਜ਼ਮਾਂ ਤੋਂ ਇਲਾਵਾ ਡਿਊਟੀ ’ਤੇ ਤਾਇਨਾਤ ਇਕ ਏ. ਐੱਸ. ਆਈ. ਅਤੇ ਹੌਲਦਾਰ ਵਿਰੁੱਧ ਵੀ ਕੇਸ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਪੁਲਸ ਹਲਕਿਆਂ ’ਚ ਹੜਕੰਪ ਮਚ ਗਿਆ ਅਤੇ ਇਲਾਕੇ ’ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਥਾਣਾ ਸੇਖਵਾਂ ਦੀ ਐੱਸ. ਐੱਚ. ਓ. ਰਜਵੰਤ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੇ ਹਨ ਕਿ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋਈ।
Read More : ਰਾਜਸਥਾਨ ’ਚ ਕਬਾੜ ਦੇ ਗੋਦਾਮ ’ਚ ਅੱਗ, 2 ਨਾਬਾਲਗਾਂ ਸਮੇਤ 4 ਲੋਕ ਜਿਉਂਦੇ ਸੜੇ
