ਪਰਫਿਊਮ ਦੀਆਂ ਬੋਤਲਾਂ ’ਚੋਂ ਨਿਕਲੇ ਕੈਮੀਕਲ ਕਾਰਨ ਵਾਪਰਿਆ ਹਾਦਸਾ, ਧਮਾਕਿਆਂ ਨਾਲ ਦਹਿਲਿਆ ਇਲਾਕਾ
ਜੈਪੁਰ, 25 ਅਪ੍ਰੈਲ: ਰਾਜਸਥਾਨ ਦੇ ਨੀਮਰਾਣਾ (ਜ਼ਿਲਾ ਕੋਟਪੂਤਲੀ-ਬਹਿਰੋੜ) ਵਿੱਚ ਇੱਕ ਨਾਜਾਇਜ਼ ਕਬਾੜ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਨੇ 4 ਕੀਮਤੀ ਜਾਨਾਂ ਲੈ ਲਈਆਂ। ਇਸ ਦਰਦਨਾਕ ਹਾਦਸੇ ਵਿੱਚ 2 ਨਾਬਾਲਗਾਂ ਸਮੇਤ 4 ਲੋਕ ਜਿਉਂਦੇ ਸੜ ਗਏ, ਜਦਕਿ ਇੱਕ ਔਰਤ ਗੰਭੀਰ ਰੂਪ ਵਿੱਚ ਝੁਲਸ ਗਈ ਹੈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉਹ ਇੱਕ ਕਿਲੋਮੀਟਰ ਦੀ ਦੂਰੀ ਤੱਕ ਸਾਫ਼ ਦਿਖਾਈ ਦੇ ਰਹੀਆਂ ਸਨ।
ਪੁਲਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਗੋਦਾਮ ਖੇਤੀਬਾੜੀ ਵਾਲੀ ਜ਼ਮੀਨ ’ਤੇ ਬਣਿਆ ਹੋਇਆ ਸੀ, ਜਿੱਥੇ ਮਜ਼ਦੂਰ ਕਬਾੜ ਵਿੱਚ ਆਈਆਂ ਪਰਫਿਊਮ ਦੀਆਂ ਬੋਤਲਾਂ ਤੋੜ ਰਹੇ ਸਨ। ਇਨ੍ਹਾਂ ਬੋਤਲਾਂ ਵਿੱਚੋਂ ਨਿਕਲੇ ਜਲਣਸ਼ੀਲ ਕੈਮੀਕਲ ਨੇ ਉਸ ਵੇਲੇ ਭਿਆਨਕ ਅੱਗ ਫੜ ਲਈ, ਜਦੋਂ ਉੱਥੇ ਕਬਾੜ ਲੋਡ ਕਰਨ ਆਏ ਇੱਕ ਪਿਕਅੱਪ ਗੱਡੀ ਦੇ ਡਰਾਈਵਰ ਨੇ ਬੀੜੀ ਬਾਲ ਕੇ ਬਲਦੀ ਤੀਲੀ ਉੱਥੇ ਸੁੱਟ ਦਿੱਤੀ।
ਅੱਗ ਲੱਗਦੇ ਹੀ ਗੋਦਾਮ ਵਿੱਚ ਰੱਖੇ ਕੈਮੀਕਲ ਦੇ ਡਰੰਮਾਂ ਵਿੱਚ ਜ਼ੋਰਦਾਰ ਧਮਾਕੇ ਹੋਣੇ ਸ਼ੁਰੂ ਹੋ ਗਏ, ਜਿਸ ਕਾਰਨ ਅੰਦਰ ਮੌਜੂਦ ਮਜ਼ਦੂਰਾਂ ਅਤੇ ਬੱਚਿਆਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਹਾਦਸੇ ਦੇ ਸਮੇਂ ਗੋਦਾਮ ਵਿੱਚ ਕਰੀਬ 7 ਲੋਕ ਮੌਜੂਦ ਸਨ, ਜਿਨ੍ਹਾਂ ਵਿੱਚੋਂ 2 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Read More : ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੇ ਚਾਕੂ, ਅੱਧਾ ਦਰਜਨ ਤੋਂ ਵੱਧ ਲੋਕਾਂ ਖਿਲਾਫ ਕੇਸ ਦਰਜ
