Sukhjinder Randhawa

‘ਆਪ’ ਭਾਜਪਾ ਦੀ ‘ਬੀ-ਟੀਮ’, ਕਾਂਗਰਸ 117 ਸੀਟਾਂ ’ਤੇ ਇਕੱਲੇ ਲੜੇਗੀ ਚੋਣ: ਸੁਖਜਿੰਦਰ ਰੰਧਾਵਾ

ਕਾਂਗਰਸ ਨੇ ਕਿਸੇ ਵੀ ਗੱਠਜੋੜ ਤੋਂ ਕੀਤਾ ਇਨਕਾਰ, ਚੋਣ ਤਿਆਰੀਆਂ ਕੀਤੀਆਂ ਤੇਜ਼

ਚੰਡੀਗੜ੍ਹ, 24 ਅਪ੍ਰੈਲ : ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ‘ਆਪ’ ਅਸਲ ’ਚ ਭਾਜਪਾ ਦੀ ‘ਬੀ-ਟੀਮ’ ਵਾਂਗ ਕੰਮ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸ਼ੁਰੂ ਤੋਂ ਹੀ ‘ਆਪ’ ਨੂੰ ਉਤਸ਼ਾਹਿਤ ਕਰਦੀ ਰਹੀ ਹੈ ਤਾਂ ਜੋ ਕਾਂਗਰਸ ਦੇ ਵੋਟ ਬੈਂਕ ਨੂੰ ਵੰਡ ਕੇ ਪਾਰਟੀ ਨੂੰ ਕਮਜ਼ੋਰ ਕੀਤਾ ਜਾ ਸਕੇ।

ਰੰਧਾਵਾ ਨੇ ਕਿਹਾ ਕਿ ਹੁਣ ਭਾਜਪਾ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਪੰਜਾਬ ’ਚ ‘ਆਪ’ ਦਾ ਜਨ-ਆਧਾਰ ਕਮਜ਼ੋਰ ਪੈ ਰਿਹਾ ਹੈ, ਇਸ ਲਈ ਉਹ ਉਨ੍ਹਾਂ ਦੇ ਆਗੂਆਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰ ਰਹੀ ਹੈ। ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਨ੍ਹਾਂ ਆਗੂਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਪੰਜਾਬ ਦੀ ਜਨਤਾ ਪਹਿਲਾਂ ਹੀ ਪਰਖ ਚੁੱਕੀ ਹੈ ਅਤੇ ਅਜਿਹੇ ਆਗੂਆਂ ਦੇ ਆਉਣ ਨਾਲ ਭਾਜਪਾ ਨੂੰ ਕੋਈ ਵਿਸ਼ੇਸ਼ ਲਾਭ ਮਿਲਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਸਿਰਫ਼ ਸਿਆਸੀ ਮਜਬੂਰੀ ਨੂੰ ਦਰਸਾਉਂਦਾ ਹੈ।

ਇਕ ਸਵਾਲ ਦੇ ਜਵਾਬ ’ਚ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪੰਜਾਬ ’ਚ ਮਜ਼ਬੂਤ ਸਥਿਤੀ ’ਚ ਹੈ। ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਸੂਬੇ ਦੀਆਂ ਸਾਰੀਆਂ 117 ਸੀਟਾਂ ’ਤੇ ਆਪਣੇ ਦਮ ’ਤੇ ਚੋਣ ਲੜੇਗੀ ਅਤੇ ਕਿਸੇ ਵੀ ਹੋਰ ਦਲ ਨਾਲ ਗੱਠਜੋੜ ਨਹੀਂ ਕਰੇਗੀ।

ਉਨ੍ਹਾਂ ਦੱਸਿਆ ਕਿ ਪਾਰਟੀ ਨੇ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸੂਬੇ ਦੇ ਤਿੰਨੋਂ ਪ੍ਰਮੁੱਖ ਖੇਤਰਾਂ—ਦੋਆਬਾ, ਮਾਲਵਾ ਅਤੇ ਮਾਝਾ ’ਚ ਕਾਂਗਰਸ ਮਜ਼ਬੂਤ ਹੈ। ਰੰਧਾਵਾ ਨੇ ਵਰਕਰਾਂ ਨੂੰ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਆਗਾਮੀ ਚੋਣਾਂ ’ਚ ਜਿੱਤ ਯਕੀਨੀ ਬਣਾਈ ਜਾ ਸਕੇ।

Read More : ਭਾਜਪਾ ’ਚ ਸ਼ਾਮਲ ਹੋਏ ਸੰਸਦ ਮੈਂਬਰਾਂ ਦਾ ਸੁਨੀਲ ਜਾਖੜ ਵੱਲੋਂ ਸਵਾਗਤ

Leave a Reply

Your email address will not be published. Required fields are marked *