ਹਰਦੀਪ-ਸਿੰਘ-ਮੁੰਡੀਆਂ

ਪੰਜਾਬ ਸਰਕਾਰ ਦਾ ਕਿਸਾਨਾਂ ਨੂੰ ਰਾਹਤ ਪੈਕੇਜ: ਗੜ੍ਹੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਲਈ 123.28 ਕਰੋੜ ਜਾਰੀ

ਸੂਬੇ ਦੇ 7 ਜ਼ਿਲ੍ਹਿਆਂ ’ਚ 92,695 ਏਕੜ ਫ਼ਸਲ ਦਾ ਹੋਇਆ ਸੀ ਨੁਕਸਾਨ : ਹਰਦੀਪ ਮੁੰਡੀਆਂ

ਚੰਡੀਗੜ੍ਹ, 22 ਅਪ੍ਰੈਲ : ਪੰਜਾਬ ਸਰਕਾਰ ਨੇ ਸੂਬੇ ਵਿੱਚ ਪਿਛਲੇ ਦਿਨੀਂ ਹੋਈ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਵਾਸਤੇ 123.28 ਕਰੋੜ ਰੁਪਏ ਤੋਂ ਵੱਧ ਦਾ ਰਾਹਤ ਪੈਕੇਜ ਮਨਜ਼ੂਰ ਕੀਤਾ ਹੈ। ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਕਿਸਾਨਾਂ ਨੂੰ ਸਮੇਂ ਸਿਰ ਮੁਆਵਜ਼ਾ ਦੇਣ ਲਈ ਇਹ ਕਦਮ ਚੁੱਕਿਆ ਹੈ।

ਮੰਤਰੀ ਨੇ ਦੱਸਿਆ ਕਿ ਗਿਰਦਾਵਰੀ ਮੁਕੰਮਲ ਹੋਣ ਤੋਂ ਬਾਅਦ 7 ਜ਼ਿਲ੍ਹਿਆਂ ਦੇ 111 ਪਿੰਡਾਂ ਵਿੱਚ 92,695 ਏਕੜ ਰਕਬੇ ’ਚ ਹੋਏ ਨੁਕਸਾਨ ਲਈ 123,28,05,938 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਵਿੱਚ ਵੱਖ-ਵੱਖ ਪੱਧਰਾਂ ਦਾ ਨੁਕਸਾਨ ਸ਼ਾਮਲ ਹੈ: 26 ਤੋਂ 32 ਫ਼ੀਸਦੀ ਨੁਕਸਾਨ ਵਾਲਾ 992 ਏਕੜ, 33 ਤੋਂ 75 ਫ਼ੀਸਦੀ ਨੁਕਸਾਨ ਵਾਲਾ 61,115 ਏਕੜ ਅਤੇ 76 ਤੋਂ 100 ਫ਼ੀਸਦੀ ਤੱਕ ਖ਼ਰਾਬ ਹੋਇਆ 30,588 ਏਕੜ ਰਕਬਾ ਸ਼ਾਮਲ ਹੈ।

ਜ਼ਿਲ੍ਹਿਆਂ ਦੇ ਹਿਸਾਬ ਨਾਲ ਰਾਹਤ ਰਾਸ਼ੀ ਦਾ ਵੇਰਵਾ ਇਸ ਪ੍ਰਕਾਰ ਹੈ:

ਫ਼ਾਜ਼ਿਲਕਾ : ਕਰੀਬ 44.24 ਕਰੋੜ ਰੁਪਏ
ਸ੍ਰੀ ਮੁਕਤਸਰ ਸਾਹਿਬ : ਕਰੀਬ 43.01 ਕਰੋੜ ਰੁਪਏ
ਬਠਿੰਡਾ : ਲਗਭਗ 22.83 ਕਰੋੜ ਰੁਪਏ
ਮੋਗਾ : 7.73 ਕਰੋੜ ਰੁਪਏ
ਅੰਮ੍ਰਿਤਸਰ : 5.26 ਕਰੋੜ ਰੁਪਏ
ਫ਼ਿਰੋਜ਼ਪੁਰ : ਲਗਭਗ 17.10 ਲੱਖ ਰੁਪਏ
ਰੂਪਨਗਰ : 1.35 ਲੱਖ ਰੁਪਏ

ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਰਕਾਰ ਇਸ ਔਖੀ ਘੜੀ ਵਿੱਚ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਹਰੇਕ ਪ੍ਰਭਾਵਿਤ ਕਿਸਾਨ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਮੁਆਵਜ਼ਾ ਮਿਲਣਾ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸਾਨ ਕੁਦਰਤੀ ਆਫ਼ਤ ਕਾਰਨ ਪੈਦਾ ਹੋਈ ਵਿੱਤੀ ਸਮੱਸਿਆ ਤੋਂ ਉਭਰ ਸਕਣ।

Read More : ਪੰਜਾਬ ’ਚ 24 ਅਪ੍ਰੈਲ ਨੂੰ ਹੋਵੇਗੀ ਸਿਵਲ ਡਿਫੈਂਸ ‘ਬਲੈਕਆਊਟ’ ਮੌਕ ਡਰਿੱਲ

Leave a Reply

Your email address will not be published. Required fields are marked *