ਸੋਸ਼ਲ ਮੀਡੀਆ ਰਾਹੀਂ ਸੰਪਰਕ ’ਚ ਆਏ ਅਜਨਾਲਾ ਦੇ ਮੁਲਜ਼ਮ ਨੇ ਰੰਜਿਸ਼ ਤਹਿਤ ਕੀਤੀ ਵਾਰਦਾਤ, ਪੁਲਸ ਵੱਲੋਂ ਕਾਬੂ
ਮਲੋਟ, 22 ਅਪ੍ਰੈਲ : ਮਲੋਟ ਉਪ-ਮੰਡਲ ਦੇ ਪਿੰਡ ਫ਼ਤਿਹਪੁਰ ਮੰਨੀਆਂ ਵਾਲਾ ਵਿਖੇ ਬੁੱਧਵਾਰ ਦਿਨ-ਦਿਹਾੜੇ ਆਂਗਣਵਾੜੀ ਕੇਂਦਰ ’ਚ ਸਫ਼ਾਈ ਕਰਨ ਗਈ ਹੈਲਪਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਰਮਨਦੀਪ ਕੌਰ (30), ਜੋ ਕਿ ਪਿਛਲੇ ਦੋ ਸਾਲਾਂ ਤੋਂ ਹੈਲਪਰ ਵਜੋਂ ਕੰਮ ਕਰ ਰਹੀ ਸੀ, ਸਵੇਰੇ 8 ਵਜੇ ਕੇਂਦਰ ’ਚ ਗਈ ਸੀ। ਮ੍ਰਿਤਕਾ ਦੇ ਪਤੀ ਗੁਰਬੂਟਨ ਸਿੰਘ ਅਨੁਸਾਰ ਕਾਤਲ ਨੇ ਰਮਨਦੀਪ ਦੇ ਸਿਰ ਅਤੇ ਗਲੇ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦੀ ਜਾਨ ਲੈ ਲਈ।
ਡੀ. ਐੱਸ. ਪੀ. ਲੰਬੀ ਹਰਬੰਸ ਸਿੰਘ ਧਾਲੀਵਾਲ ਅਤੇ ਐੱਸ. ਐੱਚ. ਓ. ਜਸਵੀਰ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਇਕ ਕਾਰ ’ਚ ਲਿਫਟ ਲੈ ਕੇ ਫ਼ਰਾਰ ਹੋ ਗਿਆ। ਕਾਰ ਚਾਲਕ ਨੇ ਮੁਲਜ਼ਮ ਦੇ ਹੱਥਾਂ ’ਤੇ ਖ਼ੂਨ ਲੱਗਾ ਦੇਖ ਕੇ ਸੂਝਬੂਝ ਨਾਲ ਉਸ ਦੀ ਵੀਡੀਓ ਬਣਾ ਲਈ, ਜਿਸ ਨੇ ਆਪਣਾ ਨਾਂ ਸੰਨੀ ਦੱਸਿਆ ਸੀ। ਪੁਲਸ ਨੇ ਤਕਨੀਕੀ ਜਾਂਚ ਅਤੇ ਮੋਬਾਈਲ ਫ਼ੋਨ ਦੀ ਮਦਦ ਨਾਲ ਮੁਲਜ਼ਮ ਕਰਨਦੀਪ ਸਿੰਘ ਨਿਵਾਸੀ ਅਜਨਾਲਾ ਨੂੰ ਕਾਬੂ ਕਰ ਲਿਆ ਹੈ।
6 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਹੋਈ ਸੀ ਗੱਲਬਾਤ
ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਰਮਨਦੀਪ ਦੀ ਕਰੀਬ 6 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਕਰਨਦੀਪ ਨਾਲ ਗੱਲਬਾਤ ਸ਼ੁਰੂ ਹੋਈ ਸੀ। ਪ੍ਰੇਸ਼ਾਨ ਕਰਨ ਕਾਰਨ ਰਮਨਦੀਪ ਨੇ ਗੱਲਬਾਤ ਬੰਦ ਕਰ ਦਿੱਤੀ ਸੀ, ਜਿਸ ਦੀ ਰੰਜਿਸ਼ ਤਹਿਤ ਮੁਲਜ਼ਮ ਅਜਨਾਲਾ ਤੋਂ ਮਲੋਟ ਪੁੱਜਾ। ਅੱਜ ਸਵੇਰੇ ਜਿਵੇਂ ਹੀ ਰਮਨਦੀਪ ਕੇਂਦਰ ’ਚ ਦਾਖ਼ਲ ਹੋਈ, ਮੁਲਜ਼ਮ ਨੇ ਉਸ ਦਾ ਕਤਲ ਕਰ ਦਿੱਤਾ।
Read More : ਅੱਤਵਾਦ ਵਿਰੁੱਧ ਅਸੀਂ ਇਕਜੁੱਟ ਹਾਂ, ਨਫ਼ਰਤ ਤੇ ਡਰ ਅੱਗੇ ਨਹੀਂ ਝੁਕੇਗਾ ਭਾਰਤ: ਰਾਹੁਲ ਗਾਂਧੀ
