ਸਾਬਕਾ ਹੈੱਡ ਗ੍ਰੰਥੀ ਨੇ ਪ੍ਰਬੰਧਕਾਂ ’ਤੇ ਲਾਏ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਜਾਸੂਸੀ ਦੇ ਦੋਸ਼
ਅੰਮ੍ਰਿਤਸਰ, 22 ਅਪ੍ਰੈਲ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਵੱਈਏ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਮੇਟੀ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਨਿੱਜੀ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਾਏ ਹਨ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਆਪਣੀ ਸਰਕਾਰੀ ਰਿਹਾਇਸ਼ ਤੋਂ ਸਾਮਾਨ ਸ਼ਿਫਟ ਕਰ ਰਹੇ ਸਨ, ਤਾਂ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਕੋਲੋਂ ਲਿਖਤੀ ਤੌਰ ’ਤੇ ਦਸਤਖ਼ਤ ਕਰਵਾਏ ਗਏ ਕਿ ਗਿਆਨੀ ਜੀ ਦਾ ਸਾਮਾਨ ਬਿਨਾਂ ਚੈੱਕ ਕੀਤੇ ਬਾਹਰ ਨਾ ਜਾਣ ਦਿੱਤਾ ਜਾਵੇ।
ਗਿਆਨੀ ਰਘਬੀਰ ਸਿੰਘ ਨੇ ਇਸ ਕਾਰਵਾਈ ਨੂੰ ਬੇਹੱਦ ‘ਘਟੀਆ’ ਸੋਚ ਦੱਸਦਿਆਂ ਕਿਹਾ ਕਿ ਇਕ ਸੇਵਾਦਾਰ ਜੋ ਲੰਬੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹੈ, ਉਸ ਦੇ ਨਿੱਜੀ ਸਾਮਾਨ ਦੀ ਇਸ ਤਰ੍ਹਾਂ ਤਲਾਸ਼ੀ ਲੈਣੀ ਬਹੁਤ ਅਪਮਾਨਜਨਕ ਹੈ। ਉਨ੍ਹਾਂ ਕਿਹਾ ਕਿ ਤਲਾਸ਼ੀ ਸਿਰਫ ਕਿਸੇ ਗੈਰ-ਕਾਨੂੰਨੀ ਵਸਤੂ ਦੇ ਸ਼ੱਕ ’ਚ ਲਈ ਜਾਂਦੀ ਹੈ ਪਰ ਇੱਥੇ ਜਾਣਬੁੱਝ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਆਪਣੀ ਸੇਵਾਮੁਕਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਖ਼ੁਲਾਸਾ ਕੀਤਾ ਕਿ ਉਨ੍ਹਾਂ ਦਾ ਦੋ ਸਾਲ ਤੋਂ ਵੱਧ ਦਾ ਸੇਵਾਕਾਲ ਬਾਕੀ ਸੀ ਪਰ 26 ਫਰਵਰੀ ਨੂੰ ਉਨ੍ਹਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਗਿਆ, ਜਦਕਿ ਉਹ ਮੈਡੀਕਲ ਛੁੱਟੀ ’ਤੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ’ਤੇ ਆਉਣ-ਜਾਣ ਵਾਲੇ ਲੋਕਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਮਕਾਨ ਖ਼ਾਲੀ ਕਰਨ ਲਈ ਤਿਆਰ ਹਨ ਪਰ ਨਵੀਂ ਰਿਹਾਇਸ਼ ਦੀ ਮੁਰੰਮਤ ਕਾਰਨ ਕੁਝ ਦਿਨਾਂ ਦਾ ਹੋਰ ਸਮਾਂ ਮੰਗਿਆ ਸੀ। ਉਨ੍ਹਾਂ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਪ੍ਰਬੰਧ ’ਚ ਨੈਤਿਕਤਾ ਅਤੇ ਮਰਿਆਦਾ ਬਣੀ ਰਹਿਣੀ ਚਾਹੀਦੀ ਹੈ।
Read More : ‘ਲਾਰੈਂਸ ਆਫ ਪੰਜਾਬ’ ਸੀਰੀਜ਼ ਖ਼ਿਲਾਫ਼ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ, ਸੁਣਵਾਈ 25 ਨੂੰ
