ਰਾਜਾ ਵੜਿੰਗ ਨੇ ਗੈਂਗਸਟਰਵਾਦ ਦੀ ਵਡਿਆਈ ਕਰਨ ’ਤੇ ਜਤਾਇਆ ਇਤਰਾਜ਼, ਰੋਕ ਲਾਉਣ ਦੀ ਕੀਤੀ ਮੰਗ
ਚੰਡੀਗੜ੍ਹ, 22 ਅਪ੍ਰੈਲ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ਖ਼ਿਲਾਫ਼ ਪਟੀਸ਼ਨ ਪਾਈ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇਹ ਸੀਰੀਜ਼ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ’ਤੇ ਆਧਾਰਤ ਹੈ। ਪਟੀਸ਼ਨ ’ਚ ਸੀਰੀਜ਼ ਰਾਹੀਂ ਅਪਰਾਧਿਕ ਤੱਤਾਂ ਦੀ ਵਡਿਆਈ ਕਰਨ, ਇਸ ਦੇ ਵਿਸ਼ਾ-ਵਸਤੂ ਅਤੇ ਇਰਾਦੇ ’ਤੇ ਇਤਰਾਜ਼ ਪ੍ਰਗਟਾਇਆ ਗਿਆ ਹੈ।
ਪਟੀਸ਼ਨ ’ਚ ਕਿਹਾ ਗਿਆ ਹੈ ਕਿ ਵੈੱਬ ਸੀਰੀਜ਼ ’ਚ ਦਿਖਾਇਆ ਜਾਵੇਗਾ ਕਿ ਲਾਰੈਂਸ ਬਿਸ਼ਨੋਈ ਵਿਦਿਆਰਥੀ ਜੀਵਨ ਤੋਂ ਲੈ ਕੇ ਕਿਵੇਂ ਇਕ ਨਾਮੀ ਗੈਂਗਸਟਰ ਬਣਦਾ ਹੈ। ਪੰਜਾਬ ਪਹਿਲਾਂ ਹੀ ਗੈਂਗਸਟਰਾਂ ਦੀ ਦਹਿਸ਼ਤ ’ਚੋਂ ਲੰਘ ਰਿਹਾ ਹੈ ਅਤੇ ਅਜਿਹੀ ਸੂਰਤ ’ਚ ਇਕ ਗੈਂਗਸਟਰ ’ਤੇ ਸੀਰੀਜ਼ ਬਣਾਉਣ ਨਾਲ ਨੌਜਵਾਨਾਂ ’ਤੇ ਇਸ ਦਾ ਗ਼ਲਤ ਪ੍ਰਭਾਵ ਪਵੇਗਾ।
ਪਟੀਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਕੰਟੈਂਟ ’ਤੇ ਕੰਟਰੋਲ ਲਈ ਕੋਈ ਵੀ ਬੋਰਡ ਨਹੀਂ ਹੈ। ਇਸ ’ਤੇ ਰੋਕ ਲਾਉਣ ਲਈ 21 ਅਪ੍ਰੈਲ ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਸਮੇਤ ਸਟ੍ਰੀਮਿੰਗ ਪਲੇਟਫਾਰਮ ਨੂੰ ਅਰਜ਼ੀ ਦਿੱਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਇਸ ਜਨਹਿੱਤ ਪਟੀਸ਼ਨ ’ਤੇ ਹਾਈ ਕੋਰਟ 25 ਅਪ੍ਰੈਲ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ।
Read More : ਬੰਬੀਹਾ ਗਿਰੋਹ ਨੂੰ ਹਥਿਆਰ ਸਪਲਾਈ ਕਰਨ ਵਾਲੇ 8 ਕਾਬੂ, 14 ਪਿਸਤੌਲਾਂ ਤੇ 15 ਕਾਰਤੂਸ ਬਰਾਮਦ
