news

ਭਾਰਤੀ ਫੌਜ ਤੇ ਏਅਰ ਫੋਰਸ ਦੀ ਜਾਣਕਾਰੀ ਪਾਕਿ ਭੇਜਣ ਵਾਲਾ ਆਈ.ਐੱਸ.ਆਈ. ਏਜੰਟ ਕਾਬੂ

ਅੰਮ੍ਰਿਤਸਰ ਦੇ ਅਹਿਮ ਟਿਕਾਣਿਆਂ ਦੀਆਂ ਤਸਵੀਰਾਂ ਭੇਜੀਆਂ, ਅਦਾਲਤ ਵੱਲੋਂ 4 ਦਿਨ ਦਾ ਰਿਮਾਂਡ

ਬਾਬਾ ਬਕਾਲਾ ਸਾਹਿਬ, 22 ਅਪ੍ਰੈਲ : ਥਾਣਾ ਖਿਲਚੀਆਂ ਦੀ ਪੁਲਸ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਏਜੰਟ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਬਿਕਰਮਜੀਤ ਸਿੰਘ ਵਿੱਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਜਸਪਾਲ ਵਜੋਂ ਹੋਈ ਹੈ।

ਥਾਣਾ ਮੁਖੀ ਇੰਸਪੈਕਟਰ ਮੁਖਤਾਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਉਕਤ ਵਿਅਕਤੀ ਦੇ ਆਈ. ਐੱਸ. ਆਈ. ਨਾਲ ਸਬੰਧ ਹਨ ਅਤੇ ਉਹ ਭਾਰਤ ਦੀਆਂ ਖੁਫ਼ੀਆ ਤੇ ਅਹਿਮ ਜਾਣਕਾਰੀਆਂ ਵ੍ਹਟਸਐਪ ਗਰੁੱਪਾਂ ਰਾਹੀਂ ਪਾਕਿਸਤਾਨ ਭੇਜਦਾ ਹੈ।

ਮੁਲਜ਼ਮ ਨੇ ਆਪਣੇ ਮੋਬਾਇਲ ਰਾਹੀਂ ਅੰਮ੍ਰਿਤਸਰ ਦੇ ਕੰਟੋਨਮੈਂਟ ਏਰੀਏ, ਟੈਂਕਾਂ ਅਤੇ ਭਾਰਤੀ ਹਵਾਈ ਫੌਜ ਦੇ ਗੇਟਾਂ ਦੀਆਂ ਤਸਵੀਰਾਂ ਖਿੱਚੀਆਂ ਹੋਈਆਂ ਸਨ, ਜਿਨ੍ਹਾਂ ਨੂੰ ਉਹ ਭਾਰਤ ਦੀ ਸੁਰੱਖਿਆ ਵਿਰੁੱਧ ਵਰਤ ਸਕਦਾ ਸੀ। ਇਸ ਦੇ ਬਦਲੇ ਉਹ ਉਨ੍ਹਾਂ ਪਾਸੋਂ ਏ. ਕੇ. 47 ਰਾਈਫਲ ਚਲਾਉਣ ਦੀ ਟ੍ਰੇਨਿੰਗ ਵੀ ਲੈ ਰਿਹਾ ਸੀ। ਮੁਲਜ਼ਮ ਇਲਾਕੇ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਵਰਗਲਾ ਕੇ ਇਸ ਧੰਦੇ ’ਚ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਦਾ ਸੀ।

ਪੁਲਸ ਪਾਰਟੀ ਨੇ ਗਸ਼ਤ ਦੌਰਾਨ ਦਾਣਾ ਮੰਡੀ ਕਾਲੇਕੇ ਨੇੜੇ ਮੁਸਤੈਦੀ ਦਿਖਾਉਂਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ। ਉਸ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਸ ਨੇ ਉਸ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

Read More : ਚੰਬਾ ਨੇੜੇ ਝਾੜੀਆਂ ’ਚੋਂ ‘ਪੀ. ਆਈ. ਏ.’ ਲਿਖਿਆ ਗੁਬਾਰਾ ਤੇ ਪਾਕਿ ਝੰਡੇ ਦੀ ਤਸਵੀਰ ਮਿਲੀ

Leave a Reply

Your email address will not be published. Required fields are marked *