ਬਿਜਲੀ ਬੋਰਡ

ਪੰਜਾਬ ’ਚ ਬਿਜਲੀ ਸੰਕਟ ਡੂੰਘਾ ਹੋਇਆ: ਮੰਗ ਤੇ ਸਪਲਾਈ ’ਚ 1500 ਮੈਗਾਵਾਟ ਦਾ ਫਰਕ

10 ਘੰਟਿਆਂ ਤੱਕ ਦੇ ਅਣ-ਐਲਾਨੇ ਕੱਟਾਂ ਕਾਰਨ ਜਨਤਾ ਬੇਹਾਲ, ਬਿਜਲੀ ਬੈਂਕਿੰਗ ਦੇ ਟੀਚੇ ਪਿੱਛੇ ਰਿਹਾ ਪਾਵਰਕਾਮ

ਪਟਿਆਲਾ, 22 ਅਪ੍ਰੈਲ : ਪੰਜਾਬ ਦੇ 5 ਪ੍ਰਮੁੱਖ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਇਲਾਕਿਆਂ ’ਚ 6 ਤੋਂ 10 ਘੰਟਿਆਂ ਦੇ ਲੱਗ ਰਹੇ ਅਣ-ਐਲਾਨੇ ਕੱਟਾਂ ਨੇ ਲੋਕਾਂ ਨੂੰ ਭਿਆਨਕ ਗਰਮੀ ’ਚ ਬੇਹਾਲ ਕਰ ਦਿੱਤਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ’ਚ ਬਿਜਲੀ ਦੀ ਮੰਗ ਅਤੇ ਸਪਲਾਈ ’ਚ ਤਕਰੀਬਨ 1500 ਮੈਗਾਵਾਟ ਦਾ ਫਰਕ ਚੱਲ ਰਿਹਾ ਹੈ। ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਜਲੀ ਦੀ ਮੰਗ 10,000 ਮੈਗਾਵਾਟ ਨੂੰ ਪਾਰ ਕਰ ਗਈ ਹੈ।

ਸਰਕਾਰੀ ਅੰਕੜੇ ਦੱਸ ਰਹੇ ਹਨ ਕਿ 2026 ਲਈ ਪਾਵਰਕਾਮ ਵੱਲੋਂ 3000 ਮੈਗਾਵਾਟ ਬਿਜਲੀ ਜਮ੍ਹਾ ਕਰਨ ਦਾ ਟੀਚਾ ਰੱਖਿਆ ਗਿਆ ਸੀ, ਪਰ ਪਾਵਰਕਾਮ ਆਪਣੇ ਟੀਚੇ ਤੋਂ ਤਕਰੀਬਨ 500 ਮੈਗਾਵਾਟ ਘੱਟ ਬਿਜਲੀ ਜਮ੍ਹਾ ਕਰ ਸਕਿਆ। ਪਾਵਰਕਾਮ ਦੇ ਸੀਨੀਅਰ ਇੰਜੀਨੀਅਰਾਂ ਅਨੁਸਾਰ ਜੇਕਰ ਮਾਨਸੂਨ ਮਿਹਰਬਾਨ ਨਾ ਰਿਹਾ ਤਾਂ ਬਿਜਲੀ ਦੀ ਕਿੱਲਤ ਹੋਰ ਵਧ ਸਕਦੀ ਹੈ। ਗੈਸ ਦੀ ਕਮੀ ਕਾਰਨ ਦੇਸ਼ ਭਰ ਦੇ ਗੈਸ ਪਲਾਂਟਾਂ ਦੇ ਉਤਪਾਦਨ ’ਤੇ ਅਸਰ ਪੈ ਰਿਹਾ ਹੈ, ਜਿਸ ਕਾਰਨ ਪਾਵਰਕਾਮ ਨੂੰ ਸਵੇਰ ਅਤੇ ਸ਼ਾਮ ਦੀ ਬਿਜਲੀ ਮਹਿੰਗੇ ਭਾਅ ’ਤੇ ਖ਼ਰੀਦਣੀ ਪੈ ਰਹੀ ਹੈ।

1912 ’ਤੇ ਵੀ ਨਹੀਂ ਮਿਲ ਰਹੀ ਜਾਣਕਾਰੀ

ਪਾਵਰਕਾਮ ਦੇ ਟੋਲ ਫ੍ਰੀ ਨੰਬਰ 1912 ਰਾਹੀਂ ਵੀ ਲੋਕਾਂ ਤੋਂ ਬਿਜਲੀ ਕੱਟਾਂ ਦੀ ਜਾਣਕਾਰੀ ਛੁਪਾਈ ਜਾ ਰਹੀ ਹੈ। ਅਧਿਕਾਰੀ ਬਿਜਲੀ ਕੱਟਾਂ ਦਾ ਕਾਰਨ ਅਪਗ੍ਰੇਡੇਸ਼ਨ ਅਤੇ ਸੁੰਦਰੀਕਰਨ ਦੱਸ ਕੇ ਪੱਲਾ ਝਾੜ ਰਹੇ ਹਨ। ਦੂਜੇ ਪਾਸੇ, ਡੈਮਾਂ ’ਚ ਪਾਣੀ ਦੀ ਘੱਟ ਆਮਦ ਕਾਰਨ ਪਣ-ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਜੇਕਰ ਜਲ-ਭੰਡਾਰਾਂ ਦੀ ਸਥਿਤੀ ਨਾ ਸੁਧਰੀ ਤਾਂ ਪੀਕ ਸੀਜ਼ਨ ’ਚ ਪੰਜਾਬ ਨੂੰ ਹੋਰ ਵੀ ਲੰਬੇ ਅਣ-ਐਲਾਨੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Read More : ਚੰਡੀਗੜ੍ਹ ‘ਚ ਗੋਲੀਆਂ ਦੀ ਗੂੰਜ: ਪੁਲਸ ਮੁਕਾਬਲੇ ਤੋਂ ਬਾਅਦ ਗੈਂਗਸਟਰ ਮੁਕੇਸ਼ ਗੋਲੂ ਕਾਬੂ

Leave a Reply

Your email address will not be published. Required fields are marked *