ਟਾਂਡਾ ਦੇ ਪਿੰਡ ਰੜਾ ਦੀਆਂ ਹਰਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ ਨੇ ਲਗਾਤਾਰ ਦੂਜੀ ਵਾਰ ਜਿੱਤ ਕੇ ਵਧਾਇਆ ਪੰਜਾਬ ਦਾ ਮਾਣ
ਹੁਸ਼ਿਆਰਪੁਰ, 21 ਅਪ੍ਰੈਲ : ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਮਿਹਨਤ ਅਤੇ ਕਾਬਲੀਅਤ ਦਾ ਲੋਹਾ ਪੂਰੀ ਦੁਨੀਆ ਮੰਨ ਰਹੀ ਹੈ। ਇਸੇ ਲੜੀ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਇਲਾਕੇ ਦੇ ਪਿੰਡ ਰੜਾ ਦੀਆਂ ਦੋ ਹੋਣਹਾਰ ਭੈਣਾਂ, ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਜਰਮਨੀ ਦੀ ਧਰਤੀ ‘ਤੇ ਵੱਡੀ ਪ੍ਰਾਪਤੀ ਹਾਸਲ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਦੋਵਾਂ ਭੈਣਾਂ ਨੇ ਜਰਮਨੀ ਦੇ ਕੇਲਕੇਮ ਸ਼ਹਿਰ ਵਿੱਚ ਫੋਰਨ ਕੌਂਸਲ ਅਤੇ ਸਿਟੀ ਪਾਰਲੀਮੈਂਟ ਦੀਆਂ ਚੋਣਾਂ ਜਿੱਤ ਕੇ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਇਹ ਜਿੱਤ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਦੋਵਾਂ ਭੈਣਾਂ ਨੇ ਲਗਾਤਾਰ ਦੂਜੀ ਵਾਰ ਇਹ ਚੋਣਾਂ ਜਿੱਤ ਕੇ ਆਪਣੀ ਲੋਕਪ੍ਰਿਯਤਾ ਦਾ ਸਬੂਤ ਦਿੱਤਾ ਹੈ। ਮਾਰਚ ਮਹੀਨੇ ਵਿੱਚ ਹੋਈਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ ਪੈਦਾ ਕੀਤੀ ਹੈ, ਸਗੋਂ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਬਣੀ ਹੈ।
ਆਪਣੀ ਇਸ ਪ੍ਰਾਪਤੀ ਬਾਰੇ ਗੱਲ ਕਰਦਿਆਂ ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਦੱਸਿਆ ਕਿ ਉਹ ਸਿਰਫ਼ ਰਾਜਨੀਤਿਕ ਅਹੁਦਿਆਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਸਮਾਜ ਸੇਵਾ ਵਿੱਚ ਵੀ ਵੱਧ-ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਦਾ ਮੁੱਖ ਉਦੇਸ਼ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਨਾ ਹੈ, ਜੋ ਉੱਚ ਪੜ੍ਹਾਈ ਕਰਨ ਲਈ ਭਾਰਤ ਤੋਂ ਜਰਮਨੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਵਿਦੇਸ਼ ਵਿੱਚ ਪੜ੍ਹਾਈ ਨਾਲ ਸਬੰਧਤ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਉਸਦੀ ਹਰ ਸੰਭਵ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿੰਦੀਆਂ ਹਨ।
ਪੰਜਾਬੀ ਭਾਈਚਾਰੇ ਲਈ ਇਹ ਇੱਕ ਬਹੁਤ ਹੀ ਮਾਣਮੱਤੀ ਪ੍ਰਾਪਤੀ ਹੈ ਕਿ ਕਿਵੇਂ ਦੋ ਭੈਣਾਂ ਨੇ ਵਿਦੇਸ਼ ਵਿੱਚ ਰਹਿੰਦਿਆਂ ਆਪਣੀ ਮਿਹਨਤ ਦੇ ਦਮ ‘ਤੇ ਰਾਜਨੀਤਿਕ ਸਫਲਤਾ ਪ੍ਰਾਪਤ ਕੀਤੀ ਅਤੇ ਨਾਲ ਹੀ ਆਪਣੇ ਸਮਾਜ ਅਤੇ ਵਿਦਿਆਰਥੀਆਂ ਦੇ ਭਵਿੱਖ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
Read More : ਪੰਜਾਬ ਅਤੇ ਨੀਦਰਲੈਂਡ ਦਰਮਿਆਨ ਵਪਾਰਕ ਸਬੰਧਾਂ ਨੂੰ ਮਿਲੇਗਾ ਹੁਲਾਰਾ: ਮੁੱਖ ਮੰਤਰੀ ਮਾਨ ਦਾ ਨਿਵੇਸ਼ਕਾਂ ਨੂੰ ਪੰਜਾਬ ਆਉਣ ਦਾ ਸੱਦਾ
