ਹੋਟਲ

ਬਰਨਾਲਾ ਦੇ ਹੋਟਲ ’ਚ ਪੁਲਸ ਦੀ ਛਾਪੇਮਾਰੀ; 10 ਪ੍ਰੇਮੀ ਜੋੜੇ ਇਤਰਾਜ਼ਯੋਗ ਹਾਲਤ ’ਚ ਕਾਬੂ

ਬੱਸ ਸਟੈਂਡ ਨੇੜਲੇ ਹੋਟਲ ’ਚ ਚੱਲ ਰਿਹਾ ਸੀ ਅਨੈਤਿਕ ਕੰਮ; ਮੁਹੱਲਾ ਨਿਵਾਸੀਆਂ ਵੱਲੋਂ ਨਾਅਰੇਬਾਜ਼ੀ

ਬਰਨਾਲਾ, 21 ਅਪ੍ਰੈਲ : ਬਰਨਾਲਾ ਬੱਸ ਸਟੈਂਡ ਦੇ ਬਿਲਕੁੱਲ ਸਾਹਮਣੇ ਵਾਲੀ ਗਲੀ ’ਚ ਸਥਿਤ ਇਕ ਚਰਚਿਤ ਹੋਟਲ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ’ਚ ਆ ਗਿਆ ਹੈ। ਮੰਗਲਵਾਰ ਨੂੰ ਥਾਣਾ ਸਿਟੀ ਵਨ ਬਰਨਾਲਾ ਦੀ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਇਸ ਹੋਟਲ ’ਚ ਛਾਪੇਮਾਰੀ ਕਰਦਿਆਂ ਕਰੀਬ 10 ਪ੍ਰੇਮੀ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ’ਚ ਕਾਬੂ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਹੋਟਲ ਪਹਿਲਾਂ ਵੀ ਦੋ ਵਾਰ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਸੁਰਖੀਆਂ ’ਚ ਰਹਿ ਚੁੱਕਾ ਹੈ।

ਇਸ ਕਾਰਵਾਈ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਵਨ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬੱਸ ਸਟੈਂਡ ਨੇੜਲੇ ਹੋਟਲ ’ਚ ਅਨੈਤਿਕ ਕੰਮ ਚੱਲ ਰਿਹਾ ਹੈ।

ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਜਦੋਂ ਪੁਲਸ ਟੀਮ ਨੇ ਹੋਟਲ ’ਤੇ ਅਚਨਚੇਤ ਛਾਪਾ ਮਾਰਿਆ ਤਾਂ ਉੱਥੋਂ 10 ਦੇ ਕਰੀਬ ਪ੍ਰੇਮੀ ਜੋੜੇ ਮਿਲੇ। ਐੱਸ. ਐੱਚ. ਓ. ਨੇ ਦੱਸਿਆ ਕਿ ਕਾਬੂ ਕੀਤੇ ਗਏ ਜੋੜਿਆਂ ਨੂੰ ਥਾਣੇ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਹੋਟਲ ਮਾਲਕ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਇਲਾਕਾ ਨਿਵਾਸੀਆਂ ਦਾ ਰੋਸ:
ਹੋਟਲ ’ਚ ਪੁਲਸ ਦੀ ਕਾਰਵਾਈ ਦੌਰਾਨ ਵੱਡੀ ਗਿਣਤੀ ’ਚ ਇਕੱਠੇ ਹੋਏ ਗਲੀ ਨਿਵਾਸੀਆਂ ਨੇ ਹੋਟਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਹੋਟਲ ਕਾਰਨ ਪੂਰੀ ਗਲੀ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ ਅਤੇ ਇੱਥੋਂ ਲੰਘਣ ਵਾਲੀਆਂ ਮਹਿਲਾਵਾਂ ਤੇ ਬੱਚਿਆਂ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।

ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਹੋਟਲ ਮਾਲਕ ਮਹਿਜ਼ ਚੰਦ ਪੈਸਿਆਂ ਦੀ ਖ਼ਾਤਰ ਸਮਾਜਿਕ ਮਰਿਆਦਾਵਾਂ ਨੂੰ ਛਿੱਕੇ ਟੰਗ ਰਹੇ ਹਨ। ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਹੋਟਲ ਦਾ ਲਾਇਸੈਂਸ ਤੁਰੰਤ ਰੱਦ ਕਰਕੇ ਇਸ ਨੂੰ ਪੱਕੇ ਤੌਰ ’ਤੇ ਸੀਲ ਕੀਤਾ ਜਾਵੇ।

Read More : ‘ਲਾਰੈਂਸ ਆਫ ਪੰਜਾਬ’ ਸੀਰੀਜ਼ ਵਿਰੁੱਧ ਹਾਈਕੋਰਟ ’ਚ ਦਾਇਰ ਕਰਾਂਗੇ ਜਨਹਿਤ ਪਟੀਸ਼ਨ : ਰਾਜਾ ਵੜਿੰਗ

Leave a Reply

Your email address will not be published. Required fields are marked *