Cabinet Minister Sanjeev Arora

ED ਦੀ ਵੱਡੀ ਕਾਰਵਾਈ: ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਛਾਪਾ

ਮਨੀ ਲਾਂਡਰਿੰਗ ਮਾਮਲੇ ਵਿੱਚ ਹੋ ਰਹੀ ਜਾਂਚ

ਲੁਧਿਆਣਾ, 17 ਅਪ੍ਰੈਲ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅੱਜ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਲੁਧਿਆਣਾ ਵਿੱਚ ਉਨ੍ਹਾਂ ਦੇ ਘਰ ਛਾਪਾ ਮਾਰਿਆ। ਜਾਂਚ ਦੌਰਾਨ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਤੋਂ ਰੋਕਣ ਲਈ ਘਰ ਦੇ ਬਾਹਰ ਕੇਂਦਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।

ਸੂਤਰਾਂ ਅਨੁਸਾਰ ਇਹ ਕਾਰਵਾਈ ਪੁਰਾਣੇ ਜ਼ਮੀਨੀ ਸੌਦਿਆਂ ਅਤੇ ਮਨੀ ਲਾਂਡਰਿੰਗ ਦੇ ਸ਼ੱਕ ਵਿੱਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 7 ਅਕਤੂਬਰ 2024 ਨੂੰ ਵੀ ਈਡੀ ਨੇ ਸੰਜੀਵ ਅਰੋੜਾ ਦੇ ਘਰ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ ਸੀ। ਉਸ ਸਮੇਂ ਉਹ ਰਾਜ ਸਭਾ ਮੈਂਬਰ ਸਨ।

ਇਸ ਤੋਂ ਦੋ ਦਿਨ ਪਹਿਲਾਂ ਹੀ ਈਡੀ ਨੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਰਾਜ ਸਭਾ ਮੈਂਬਰ ਅਤੇ LPU ਦੇ ਚਾਂਸਲਰ ਅਸ਼ੋਕ ਮਿੱਤਲ ਦੇ 10 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਈਡੀ ਦੀਆਂ ਟੀਮਾਂ ਨੇ ਜਲੰਧਰ, ਫਗਵਾੜਾ ਅਤੇ ਗੁਰੂਗ੍ਰਾਮ ਵਿੱਚ ਉਨ੍ਹਾਂ ਦੇ ਘਰਾਂ ਸਮੇਤ ਲਵਲੀ ਸਵੀਟਸ, ਲਵਲੀ ਆਟੋਜ਼ ਅਤੇ ਐਲਪੀਯੂ (LPU) ਕੈਂਪਸ ਦੀ ਬਾਰੀਕੀ ਨਾਲ ਜਾਂਚ ਕੀਤੀ।

ਸੂਤਰਾਂ ਮੁਤਾਬਕ ਅਸ਼ੋਕ ਮਿੱਤਲ ਦੇ ਟਿਕਾਣਿਆਂ ‘ਤੇ ਜਾਂਚ ਲਗਭਗ 24 ਘੰਟੇ ਚੱਲੀ। ਅਧਿਕਾਰੀਆਂ ਨੇ ਉੱਥੋਂ ਵਿੱਤੀ ਰਿਕਾਰਡ, ਕੰਪਿਊਟਰ ਸਿਸਟਮ ਅਤੇ ਕਈ ਜ਼ਰੂਰੀ ਦਸਤਾਵੇਜ਼ ਕਬਜ਼ੇ ਵਿੱਚ ਲਏ ਹਨ। ਟੀਮ ਅਸ਼ੋਕ ਮਿੱਤਲ ਅਤੇ ਉਨ੍ਹਾਂ ਦੇ ਪੁੱਤਰ ਦੇ ਬੈਂਕ ਲੈਣ-ਦੇਣ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਹਾਲਾਂਕਿ ਈਡੀ ਨੇ ਅਜੇ ਤੱਕ ਇਨ੍ਹਾਂ ਛਾਪਿਆਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਇਨ੍ਹਾਂ ਕਾਰਵਾਈਆਂ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।

Read More : IPL2026 : ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ: ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ

Leave a Reply

Your email address will not be published. Required fields are marked *