ਕਿਹਾ-“ਮੈਨੂੰ ਪਛਤਾਵਾ ਹੈ”; 15 ਅਪ੍ਰੈਲ ਤੱਕ ਪੁਲਸ ਰਿਮਾਂਡ ’ਤੇ
ਬਠਿੰਡਾ, 13 ਅਪ੍ਰੈਲ : ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਹਾਲ ਹੀ ’ਚ ਹੋਏ ਕਤਲ ਮਾਮਲੇ ’ਚ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਪੁੱਛਗਿੱਛ ਦੌਰਾਨ ਵੱਡਾ ਇੰਕਸ਼ਾਫ ਕੀਤਾ ਹੈ। ਮੁਲਜ਼ਮ ਨੇ ਕਿਹਾ ਕਿ ਉਸ ਨੂੰ ਕੰਚਨ ਕੁਮਾਰੀ ਦੇ ਕਤਲ ਦਾ ਬੇਹੱਦ ਪਛਤਾਵਾ ਹੈ ਅਤੇ ਉਸ ਦਾ ਇਰਾਦਾ ਉਸ ਨੂੰ ਜਾਨੋਂ ਮਾਰਨ ਦਾ ਨਹੀਂ ਸੀ। ਪੁਲਸ ਪੁੱਛਗਿੱਛ ਦੌਰਾਨ ਉਸ ਨੇ ਦਾਅਵਾ ਕੀਤਾ ਕਿ ਇਹ ਕਤਲ ਅਣਜਾਣੇ ’ਚ ਹੋਇਆ, ਜਿਸ ਕਾਰਨ ਘਬਰਾਹਟ ’ਚ ਉਸ ਨੂੰ ਮੌਕੇ ਤੋਂ ਫ਼ਰਾਰ ਹੋਣਾ ਪਿਆ।
ਡੀ.ਐੱਸ.ਪੀ. ਸਿਟੀ-2 ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲਦਿਆਂ ਪਛਤਾਵਾ ਜ਼ਾਹਰ ਕੀਤਾ ਹੈ। ਪੁਲਸ ਅਧਿਕਾਰੀ ਮੁਤਾਬਕ, ਅਕਸਰ ਕਾਤਲ ਕਾਨੂੰਨੀ ਕਾਰਵਾਈ ਜਾਂ ਸਜ਼ਾ ’ਚ ਨਰਮੀ ਪਾਉਣ ਲਈ ਪੁੱਛਗਿੱਛ ਦੌਰਾਨ ਅਜਿਹੇ ਪਛਤਾਵੇ ਦਾ ਪ੍ਰਗਟਾਵਾ ਕਰਦੇ ਹਨ।
ਮੁਲਜ਼ਮ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਜਿਸ ਨਾਲ ਕਤਲ ਨਾਲ ਜੁੜੇ ਕਈ ਹੋਰ ਅਹਿਮ ਤੱਥ ਸਾਹਮਣੇ ਆਉਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਇਸ ਵੇਲੇ ਪੁਲਸ ਰਿਮਾਂਡ ’ਤੇ ਹੈ। ਉਸ ਦੀ ਰਿਮਾਂਡ ਦੀ ਮਿਆਦ 15 ਅਪ੍ਰੈਲ ਨੂੰ ਖ਼ਤਮ ਹੋਵੇਗੀ, ਜਿਸ ਤੋਂ ਬਾਅਦ ਉਸ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
Read More : ਚੰਡੀਗੜ੍ਹ ਪਾਸਪੋਰਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
