ਕੈਬਨਿਟ ਮੰਤਰੀ ਨੇ ਅਕਾਲਗੜ੍ਹ ਚੱਠੇ ਨਕਟੇ ਵਿਖੇ ਵੰਡੇ ਕਾਰਡ; ਕਿਹਾ— ਹੁਣ ਬੈਂਕਾਂ ਤੋਂ ਕਰਜ਼ਾ ਲੈਣ ’ਚ ਨਹੀਂ ਆਵੇਗੀ ਕੋਈ ਮੁਸ਼ਕਲ
ਸੁਨਾਮ, 12 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਰਹਾਇਸ਼ੀ ਮਕਾਨਾਂ ਦੇ ਕਾਨੂੰਨੀ ਮਾਲਕਾਨਾ ਹੱਕ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਲੋਕ-ਭਲਾਈ ਯੋਜਨਾ “ਮੇਰਾ ਘਰ ਮੇਰੇ ਨਾਮ” ਤਹਿਤ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਅਕਾਲਗੜ੍ਹ ਚੱਠੇ ਨਕਟੇ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ 53 ਯੋਗ ਲਾਭਪਾਤਰੀਆਂ ਨੂੰ ਮਾਲਕਾਨਾ ਹੱਕ ਦੇ ਕਾਰਡ ਤਕਸੀਮ ਕੀਤੇ ਗਏ।
ਇਸ ਮੌਕੇ ਪਿੰਡ ਵਾਸੀਆਂ ’ਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ, ਕਿਉਂਕਿ ਇਹ ਸਕੀਮ ਉਨ੍ਹਾਂ ਨੂੰ ਆਪਣੇ ਘਰਾਂ ’ਤੇ ਕਾਨੂੰਨੀ ਹੱਕ ਪ੍ਰਦਾਨ ਕਰਦੀ ਹੈ, ਜੋ ਲੰਮੇ ਸਮੇਂ ਤੋਂ ਉਨ੍ਹਾਂ ਦੀ ਮੁੱਖ ਲੋੜ ਸੀ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਲੋਕ-ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤਕ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ “ਮੇਰਾ ਘਰ ਮੇਰੇ ਨਾਮ” ਸਕੀਮ ਰਾਹੀਂ ਪਿੰਡਾਂ ’ਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਨਾ ਹੱਕ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ’ਚ ਸਥਿਰਤਾ ਅਤੇ ਸੁਰੱਖਿਆ ਦਾ ਅਹਿਸਾਸ ਪੈਦਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨਾਲ ਲਾਭਪਾਤਰੀਆਂ ਨੂੰ ਕਾਨੂੰਨੀ ਦਸਤਾਵੇਜ਼ ਪ੍ਰਾਪਤ ਹੋਣ ਸਦਕਾ ਨਾ ਸਿਰਫ਼ ਉਨ੍ਹਾਂ ਦੇ ਮਕਾਨਾਂ ਦੀ ਪਹਿਚਾਣ ਮਜ਼ਬੂਤ ਹੋਵੇਗੀ, ਸਗੋਂ ਭਵਿੱਖ ’ਚ ਬੈਂਕਾਂ ਤੋਂ ਕਰਜ਼ਾ ਲੈਣ ਅਤੇ ਹੋਰ ਸਰਕਾਰੀ ਸਹੂਲਤਾਂ ਹਾਸਲ ਕਰਨ ’ਚ ਵੀ ਆਸਾਨੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰ ਵਰਗ ਤਕ ਸੁਵਿਧਾਵਾਂ ਪਹੁੰਚਾਉਣਾ ਹੈ ਅਤੇ ਕਿਸੇ ਵੀ ਯੋਗ ਵਿਅਕਤੀ ਨੂੰ ਇਸ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਕੀਮ ਦਾ ਲਾਭ ਹਰ ਯੋਗ ਵਿਅਕਤੀ ਤਕ ਪਹੁੰਚਾਉਣ ਲਈ ਪੂਰੀ ਪਾਰਦਰਸ਼ਤਾ ਅਤੇ ਤੇਜ਼ੀ ਨਾਲ ਕੰਮ ਕੀਤਾ ਜਾਵੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।
Read More : ਸਰਕਾਰ ਬਣਨ ’ਤੇ ਤਲਵੰਡੀ ਸਾਬੋ ਦਾ ਅੰਮ੍ਰਿਤਸਰ ਸਾਹਿਬ ਦੀ ਤਰਜ਼ ’ਤੇ ਕਰਾਂਗੇ ਵਿਕਾਸ : ਸੁਖਬੀਰ ਬਾਦਲ
