Afghanistan Flood News

ਅਫ਼ਗ਼ਾਨਿਸਤਾਨ ‘ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 110 ਮੌਤਾਂ, ਹਜ਼ਾਰਾਂ ਬੇਘਰ

ਸੰਯੁਕਤ ਰਾਸ਼ਟਰ ਅਨੁਸਾਰ 73,000 ਤੋਂ ਵੱਧ ਲੋਕ ਪ੍ਰਭਾਵਿਤ; ਸੈਂਕੜੇ ਪਿੰਡ ਤਬਾਹ ਹੋਏ ਅਤੇ 15,500 ਏਕੜ ਵਾਹੀਯੋਗ ਜ਼ਮੀਨ ਬਰਬਾਦ

ਕਾਬੁਲ, 11 ਅਪ੍ਰੈਲ : ਅਫ਼ਗ਼ਾਨਿਸਤਾਨ ’ਚ ਪਿਛਲੇ ਦੋ ਹਫ਼ਤਿਆਂ ਤੋਂ ਪੈ ਰਹੇ ਭਾਰੀ ਮੌਸਮੀ ਮੀਂਹ ਤੇ ਉਸ ਤੋਂ ਬਾਅਦ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਸੰਯੁਕਤ ਰਾਸ਼ਟਰ ਅਨੁਸਾਰ 26 ਮਾਰਚ ਤੋਂ 6 ਅਪ੍ਰੈਲ ਦਰਮਿਆਨ ਆਈ ਇਸ ਕੁਦਰਤੀ ਆਫ਼ਤ ਨੇ ਦੇਸ਼ ਦੇ ਕਈ ਸੂਬਿਆਂ ਵਿਚ ਸੈਂਕੜੇ ਪਿੰਡਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਨਾਲ 73,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਅਧਿਕਾਰੀਆਂ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਪਿਛਲੇ 12 ਦਿਨਾਂ ’ਚ ਭਾਰੀ ਮੀਂਹ, ਹੜ੍ਹਾਂ, ਜ਼ਮੀਨ ਖਿਸਕਣ ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਘੱਟੋ-ਘੱਟ 110 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 160 ਹੋਰ ਜ਼ਖਮੀ ਹੋਏ ਹਨ। ਸੱਤ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਖੋਸਤ ਸੂਬੇ ’ਚ ਇਕ ਕੰਧ ਡਿੱਗਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦਕਿ ਨੰਗਰਹਾਰ ਸੂਬੇ ’ਚ ਛੱਤਾਂ ਡਿੱਗਣ ਕਾਰਨ 10 ਲੋਕਾਂ ਦੀ ਜਾਨ ਚਲੀ ਗਈ। ਹੜ੍ਹਾਂ ਕਾਰਨ ਰਿਹਾਇਸ਼ੀ ਇਮਾਰਤਾਂ ਅਤੇ ਖੇਤੀਬਾੜੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਲਗਭਗ 958 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਤੇ 4155 ਘਰਾਂ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਹਜ਼ਾਰਾਂ ਪਰਿਵਾਰ ਬੇਘਰ ਹੋ ਗਏ ਹਨ।

15,500 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਬਰਬਾਦ ਹੋ ਗਈ ਹੈ ਤੇ 500 ਤੋਂ ਵੱਧ ਪਸ਼ੂ ਮਾਰੇ ਗਏ ਹਨ, ਜਿਸ ਨਾਲ ਖੇਤਰ ’ਚ ਭੋਜਨ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ। 325 ਕਿਲੋਮੀਟਰ ਤੋਂ ਵੱਧ ਸੜਕਾਂ, ਵਪਾਰਕ ਅਦਾਰੇ, ਸਿੰਚਾਈ ਨਹਿਰਾਂ ਅਤੇ ਪੀਣ ਵਾਲੇ ਪਾਣੀ ਦੇ ਖੂਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਸਥਾਨਕ ਅਧਿਕਾਰੀਆਂ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਹੋਰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਣ ਅਤੇ ਤਬਾਹੀ ਦੇ ਹੋਰ ਫੈਲਣ ਦਾ ਡਰ ਬਣਿਆ ਹੋਇਆ ਹੈ। ਪ੍ਰਭਾਵਿਤ ਖੇਤਰਾਂ ਵਿਚ ਹਜ਼ਾਰਾਂ ਪਰਵਾਰਾਂ ਨੂੰ ਤੁਰਤ ਰਿਹਾਇਸ਼ ਅਤੇ ਸਹਾਇਤਾ ਦੀ ਲੋੜ ਹੈ।

Read More : ਸੰਸਦ ਮੈਂਬਰ ਸਤਨਾਮ ਸੰਧੂ ਪੰਜਾਬ ਦੇ ਸਭ ਤੋਂ ਸਰਗਰਮ ਅਤੇ ਪ੍ਰਭਾਵਸ਼ਾਲੀ ਨੁਮਾਇੰਦੇ ਵਜੋਂ ਉੱਭਰੇ

Leave a Reply

Your email address will not be published. Required fields are marked *