ਹਰਮੀਤ ਸਿੰਘ ਕਾਲਕਾ ਤੇ ਪਰਮਜੀਤ ਸਿੰਘ ਚੰਡੋਕ ਨੇ ਵੰਡੇ ਪਾਸਪੋਰਟ
ਅੰਮ੍ਰਿਤਸਰ, 7 ਅਪ੍ਰੈਲ : ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਵੀਜ਼ਾ ਲੱਗੇ ਪਾਸਪੋਰਟ ਵੰਡ ਦਿੱਤੇ ਗਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਪਰਮਜੀਤ ਸਿੰਘ ਚੰਡੋਕ ਨੇ ਅੱਜ ਸ਼ਰਧਾਲੂਆਂ ਨੂੰ ਇਹ ਪਾਸਪੋਰਟ ਸੌਂਪੇ।
ਪਰਮਜੀਤ ਸਿੰਘ ਚੰਡੋਕ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ 451 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 409 ਸ਼ਰਧਾਲੂਆਂ ਨੂੰ ਵੀਜ਼ਾ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗੇ, ਉਨ੍ਹਾਂ ਦੇ ਨਾਂ ਨਾਲ ‘ਸਿੰਘ’ ਜਾਂ ‘ਕੌਰ’ ਨਹੀਂ ਸੀ ਜਾਂ ਫਿਰ ਉਹ ਸਹਿਜਧਾਰੀ ਪਰਿਵਾਰ ਸਨ। ਇਸ ਵਾਰ ਦੇਸ਼ ਭਰ ਵਿੱਚੋਂ ਕੁੱਲ 2840 ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਹੈ।
ਇਹ ਜਥਾ 10 ਅਪ੍ਰੈਲ ਨੂੰ ਬਾਰਡਰ ਪਾਰ ਕਰਕੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰੇਗਾ ਅਤੇ 19 ਅਪ੍ਰੈਲ ਤੱਕ ਉੱਥੇ ਰਹੇਗਾ। ਸਾਰੇ ਸ਼ਰਧਾਲੂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਮਨਾਉਣਗੇ। ਚੰਡੋਕ ਨੇ ਇਹ ਵੀ ਕਿਹਾ ਕਿ ਪਿਛਲੀ ਵਾਰ ਜਥੇ ਨਾਲ ਗਈ ਇੱਕ ਮਹਿਲਾ ਦੇ ਵੱਖ ਹੋਣ ਦੀ ਘਟਨਾ ਨੂੰ ਮੁੱਖ ਰੱਖਦਿਆਂ ਇਸ ਵਾਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
Read More : ਵੱਡਾ ਸਿਆਸੀ ਧਮਾਕਾ: ਸ਼੍ਰੋਮਣੀ ਅਕਾਲੀ ਦਲ ‘ਚ ਮੁੜ ਪਰਤੇ ਦਿੱਗਜ ਨੇਤਾ
