ਢਾਈ ਮਹੀਨੇ ਪਹਿਲਾਂ ਹੀ ਮਿਲਿਆ ਸੀ ਡਰਾਈਵਿੰਗ ਲਾਇਸੈਂਸ; 6 ਮਹੀਨੇ ਦੇ ਮਾਸੂਮ ਬੱਚੇ ਦਾ ਪਿਤਾ ਸੀ ਮ੍ਰਿਤਕ
ਆਬੂਧਾਬੀ/ਜ਼ੀਰਾ, 29 ਮਾਰਚ : ਵਿਦੇਸ਼ੀ ਧਰਤੀ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਬੂਧਾਬੀ (ਦੁਬਈ) ਵਿੱਚ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਰਾਜਕਰਨ ਸਿੰਘ ਸੰਧੂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਜ਼ੀਰਾ ਦੇ ਪਿੰਡ ਰਟੌਲ ਬੇਟ ਨਾਲ ਸਬੰਧਤ ਸੀ।
ਮ੍ਰਿਤਕ ਦੇ ਪਿਤਾ ਹਰਪ੍ਰੀਤ ਸਿੰਘ ਸੰਧੂ ਨੇ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਚੰਗੇ ਭਵਿੱਖ ਦੀ ਆਸ ਵਿੱਚ ਕਰੀਬ ਸੱਤ ਲੱਖ ਰੁਪਏ ਖ਼ਰਚ ਕਰਕੇ ਦੁਬਈ ਗਿਆ ਸੀ। ਉੱਥੇ ਸਖ਼ਤ ਮਿਹਨਤ ਤੋਂ ਬਾਅਦ ਉਸ ਨੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਸੀ ਅਤੇ ਮਹਿਜ਼ ਢਾਈ ਮਹੀਨੇ ਪਹਿਲਾਂ ਹੀ ਟਰਾਲਾ ਚਲਾਉਣ ਦਾ ਕੰਮ ਸ਼ੁਰੂ ਕੀਤਾ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਕੰਮ ਦੌਰਾਨ ਕਰੰਟ ਲੱਗਣ ਕਾਰਨ ਉਸ ਦੀ ਅਚਾਨਕ ਮੌਤ ਹੋ ਗਈ।
ਰਾਜਕਰਨ ਸਿੰਘ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਛੇ ਮਹੀਨਿਆਂ ਦਾ ਮਾਸੂਮ ਬੱਚਾ ਛੱਡ ਗਿਆ ਹੈ। ਨੌਜਵਾਨ ਪੁੱਤਰ ਦੀ ਬੇਵਕਤੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Read More : ਬਰਨਾਲਾ ‘ਚ ਜੈੱਕ ਨਾਲ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ; 3 ਮਜ਼ਦੂਰਾਂ ਦੀ ਮੌਤ
