ਰਾਜ ਸਭਾ ‘ਚ ਐਮ.ਪੀ. ਸਤਨਾਮ ਸਿੰਘ ਸੰਧੂ ਦੇ ਸਵਾਲ ‘ਤੇ ਕੇਂਦਰ ਦਾ ਜਵਾਬ; ਫ਼ਸਲੀ ਵਿਭਿੰਨਤਾ ਲਈ 103.75 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ
ਨਵੀਂ ਦਿੱਲੀ, 28 ਮਾਰਚ : ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੰਸਦ ਵਿੱਚ ਪੰਜਾਬ ਦੇ ਕਿਸਾਨਾਂ ਦੀ ਸਖ਼ਤ ਮਿਹਨਤ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਉਨ੍ਹਾਂ ਦਾ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਰਾਹੀਂ ਭਾਰਤ ਨੂੰ ਅਨਾਜ ਵਿੱਚ ਆਤਮ-ਨਿਰਭਰ ਬਣਾਉਣ ਅਤੇ ਭੁੱਖਮਰੀ ਦੂਰ ਕਰਨ ਵਿੱਚ ਪੰਜਾਬ ਦਾ ਵੱਡਮੁੱਲਾ ਯੋਗਦਾਨ ਹੈ।
ਕੇਂਦਰੀ ਮੰਤਰੀ ਰਾਜ ਸਭਾ ਵਿੱਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪੰਜਾਬ ਵਿੱਚ ਮੋਟੇ ਅਨਾਜ (ਬਾਜਰੇ) ਦੀ ਖੇਤੀ ਅਤੇ ਜਲ ਸੰਕਟ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਪ੍ਰਸ਼ਨ ਕਾਲ ਦੌਰਾਨ ਐਮ.ਪੀ. ਸਤਨਾਮ ਸਿੰਘ ਸੰਧੂ ਨੇ ਪੰਜਾਬ ਦੀ ਖੇਤੀ ਹੇਠਲੀ 75% ਜ਼ਮੀਨ ‘ਤੇ ‘ਚਾਵਲ-ਕਣਕ ਚੱਕਰ’ ਕਾਰਨ ਪੈਦਾ ਹੋਏ ਭਿਆਨਕ ਜਲ ਸੰਕਟ ‘ਤੇ ਚਾਨਣਾ ਪਾਇਆ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ 80% ਤੋਂ ਵੱਧ ਭੂਮੀਗਤ ਬਲਾਕ “ਡਾਰਕ ਜ਼ੋਨ” ਵਿੱਚ ਆ ਗਏ ਹਨ। ਸੰਧੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਵਰਗੀਆਂ ਵੱਧ ਪਾਣੀ ਦੀ ਖਪਤ ਵਾਲੀਆਂ ਫ਼ਸਲਾਂ ‘ਤੇ ਨਿਰਭਰਤਾ ਘਟਾਉਣ ਲਈ ਬਾਜਰੇ ਵਰਗੇ ਮੋਟੇ ਅਨਾਜਾਂ ਨੂੰ ਉਤਸ਼ਾਹਿਤ ਕੀਤਾ ਜਾਵੇ।
ਮੰਤਰੀ ਸ਼ਿਵਰਾਜ ਚੌਹਾਨ ਨੇ ਦੱਸਿਆ ਕਿ ‘ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ’ (NFSNM) ਤਹਿਤ ਪੰਜਾਬ ਵਿੱਚ ਮੋਟੇ ਅਨਾਜ ਦੀ ਕਾਸ਼ਤ ਲਈ ਸਾਲ 2025-26 ਵਾਸਤੇ 34.60 ਲੱਖ ਰੁਪਏ ਅਤੇ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਲਈ 103.75 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਸ ਰਾਸ਼ੀ ਨਾਲ ਕਿਸਾਨਾਂ ਨੂੰ ਬਾਜਰਾ, ਦਾਲਾਂ ਅਤੇ ਤੇਲ ਬੀਜਾਂ ਵੱਲ ਮੋੜਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਫੂਡ ਪ੍ਰੋਸੈਸਿੰਗ ਉਦਯੋਗਾਂ ਲਈ PLI ਯੋਜਨਾ ਤਹਿਤ ਪਿਛਲੇ ਪੰਜ ਸਾਲਾਂ ਵਿੱਚ 800 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੇ ਕਪੂਰਥਲਾ, ਪਟਿਆਲਾ ਅਤੇ ਜਲੰਧਰ ਦੇ ਪ੍ਰੋਜੈਕਟ ਸ਼ਾਮਲ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿੱਚ ਹੀ ਕੋਧਰਾ ਵਰਗੇ ਮੋਟੇ ਅਨਾਜ ਦਾ ਪ੍ਰਚਾਰ ਕੀਤਾ ਸੀ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ “ਸ਼੍ਰੀ ਅੰਨ” (ਬਾਜਰਾ) ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਮੋਟੇ ਅਨਾਜ ਦਾ ਉਤਪਾਦਨ 16 ਮਿਲੀਅਨ ਟਨ ਤੋਂ ਵੱਧ ਕੇ 18.59 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ।
Read More : ਰਜਿੰਦਰਾ ਕਾਲਜ ‘ਚ ਦਲਿਤ ਵਿਦਿਆਰਥੀ ਨਾਲ ਵਿਤਕਰੇ ਦਾ ਇਲਜ਼ਾਮ; SC ਕਮਿਸ਼ਨ ਵੱਲੋਂ ਪ੍ਰਿੰਸੀਪਲ ਤਲਬ
