5 ਕਰੋੜ ਦੇ ਕਥਿਤ ਸਮਝੌਤੇ ਅਤੇ ਨਿੱਜੀ ਸਬੰਧਾਂ ਦੀਆਂ ਅਫ਼ਵਾਹਾਂ ਨੂੰ ਦੱਸਿਆ ਬੇਬੁਨਿਆਦ
ਚੰਡੀਗੜ੍ਹ 27 ਮਾਰਚ : ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਖ਼ਿਲਾਫ਼ ਚੱਲ ਰਹੀ ਨਕਾਰਾਤਮਕ ਟ੍ਰੋਲਿੰਗ ਅਤੇ ਗੁੰਮਰਾਹਕੁੰਨ ਪ੍ਰਚਾਰ ਵਿਰੁੱਧ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 30-35 ਸਾਲਾਂ ਤੋਂ ਉਨ੍ਹਾਂ ਨਾਲ ਕੰਮ ਕਰਨ ਵਾਲੇ ਕੁਝ ਕਲਾਕਾਰ ਹੁਣ ਪੁਰਾਣੀ ਰੰਜਿਸ਼ ਕੱਢ ਰਹੇ ਹਨ। ਘੁੱਗੀ ਮੁਤਾਬਕ ਇੱਕ ਵੱਡੀ ਕੰਪਨੀ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਪੇਡ ਪ੍ਰਮੋਸ਼ਨ ਰਾਹੀਂ ਭੜਕਾਊ ਸਮੱਗਰੀ ਫੈਲਾਉਣ ਲਈ ਭੁਗਤਾਨ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਗੁਰਪ੍ਰੀਤ ਘੁੱਗੀ ਅਤੇ ਇੱਕ ਅਦਾਕਾਰਾ ਵਿਚਾਲੇ ਨਿੱਜੀ ਸਬੰਧਾਂ ਦੇ ਕਥਿਤ ਦੋਸ਼ ਲਗਾਏ ਜਾ ਰਹੇ ਸਨ। ਇਨ੍ਹਾਂ ਅਫ਼ਵਾਹਾਂ ਵਿੱਚ ਮਾਮਲੇ ਨੂੰ ਦਬਾਉਣ ਲਈ 5 ਕਰੋੜ ਰੁਪਏ ਦੇ ਕਥਿਤ ਸਮਝੌਤੇ ਦੀ ਗੱਲ ਵੀ ਕਹੀ ਜਾ ਰਹੀ ਸੀ। ਇਨ੍ਹਾਂ ਦਾਅਵਿਆਂ ਨੂੰ ਨਕਾਰਦਿਆਂ ਘੁੱਗੀ ਨੇ ਕਿਹਾ, “ਕੁਝ ਲੋਕ ਬੇਬੁਨਿਆਦ ਅਤੇ ਘਟੀਆ ਅਫ਼ਵਾਹਾਂ ਫੈਲਾ ਰਹੇ ਹਨ। ਪਹਿਲਾਂ ਮੈਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ, ਪਰ ਜਦੋਂ ਸਥਿਤੀ ਵਿਗੜ ਗਈ ਅਤੇ ਮੇਰੇ ਪਰਿਵਾਰ ’ਤੇ ਅਸਰ ਪੈਣ ਲੱਗਾ, ਤਾਂ ਬੋਲਣਾ ਜ਼ਰੂਰੀ ਹੋ ਗਿਆ।”
ਸਾਈਬਰ ਕ੍ਰਾਈਮ ਕੋਲ ਸ਼ਿਕਾਇਤ ਦਰਜ
ਅਦਾਕਾਰ ਨੇ ਇਸ ਨੂੰ ਇੱਕ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਕੁਝ ਲੋਕ ਦੂਜਿਆਂ ਦੀਆਂ ਮੁਸ਼ਕਿਲਾਂ ਦਾ ਫਾਇਦਾ ਉਠਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਸਾਈਬਰ ਕ੍ਰਾਈਮ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਦੋਸ਼ੀਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਅਤੇ ਸੋਸ਼ਲ ਮੀਡੀਆ ਪੇਜਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਗੁੰਮਰਾਹਕੁੰਨ ਸਮੱਗਰੀ ਦਾ ਹਿੱਸਾ ਨਾ ਬਣਨ।
Read More : ਅੰਮ੍ਰਿਤਸਰ ਤੋਂ 10 ਵਿਦੇਸ਼ੀ ਪਿਸਤੌਲਾਂ ਸਣੇ 2 ਗ੍ਰਿਫ਼ਤਾਰ
