40 ਸਾਲਾਂ ਬਾਅਦ ਮਿਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ; ਖੇਡ ਬਜਟ ਵਧਾ ਕੇ 1791 ਕਰੋੜ ਕੀਤਾ ਅਤੇ ਖਿਡਾਰੀਆਂ ਲਈ ਇਨਾਮਾਂ ਦੀ ਬੌਛਾਰ
ਚੰਡੀਗੜ੍ਹ, 25 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ ਤਹਿਤ ਖੇਡ ਵਿਭਾਗ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਸੂਬੇ ਵਿੱਚ ਆਈ ‘ਖੇਡ ਕ੍ਰਾਂਤੀ’ ਦਾ ਵੇਰਵਾ ਸਾਂਝਾ ਕੀਤਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਅਤੇ 40 ਸਾਲਾਂ ਬਾਅਦ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ (ਅੰਡਰ-13) ਦੀ ਮੇਜ਼ਬਾਨੀ ਕਰੇਗਾ। ਇਹ ਟੂਰਨਾਮੈਂਟ ਅਕਤੂਬਰ-ਨਵੰਬਰ ਵਿੱਚ ਮੋਹਾਲੀ ਅਤੇ ਜਲੰਧਰ ਵਿੱਚ ਹੋਣਗੇ, ਜਿਸ ਵਿੱਚ ਭਾਰਤ ਸਮੇਤ ਛੇ ਪ੍ਰਮੁੱਖ ਟੀਮਾਂ ਹਿੱਸਾ ਲੈਣਗੀਆਂ।
ਖੇਡਾਂ ਲਈ ਇਤਿਹਾਸਕ ਬਜਟ ਅਤੇ ਸਹੂਲਤਾਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਖੇਡ ਬਜਟ 350 ਕਰੋੜ ਤੋਂ ਵਧਾ ਕੇ 1791 ਕਰੋੜ ਰੁਪਏ ਕਰ ਦਿੱਤਾ ਹੈ। ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣਿਆ ਹੈ ਜੋ ਓਲੰਪਿਕ ਦੀ ਤਿਆਰੀ ਲਈ ਖਿਡਾਰੀ ਨੂੰ 15 ਲੱਖ ਅਤੇ ਏਸ਼ੀਆਈ ਖੇਡਾਂ ਲਈ 8 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਰਿਹਾ ਹੈ। ਇਸ ਤੋਂ ਇਲਾਵਾ, ਪੈਰਾ-ਓਲੰਪਿਕ ਅਤੇ ਏਸ਼ੀਆਈ ਖੇਡਾਂ ਵਿੱਚ ਮੈਡਲ ਜਿੱਤਣ ਵਾਲਿਆਂ ਨੂੰ 1-1 ਕਰੋੜ ਰੁਪਏ ਦੇ ਇਨਾਮ ਦਿੱਤੇ ਜਾ ਰਹੇ ਹਨ।
ਬੁਨਿਆਦੀ ਢਾਂਚੇ ਵਿੱਚ ਸੁਧਾਰ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ 3100 ਖੇਡ ਮੈਦਾਨ, 3000 ਜਿੰਮ ਅਤੇ 17 ਹਜ਼ਾਰ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਕੋਚਾਂ ਦੀ ਗਿਣਤੀ 500 ਤੋਂ ਵਧਾ ਕੇ 2458 ਕੀਤੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਬਰਬਾਦ ਕੀਤੇ ਖੇਡ ਸੱਭਿਆਚਾਰ ਨੂੰ ਮੁੜ ਪੱਟੜੀ ‘ਤੇ ਲਿਆਉਣ ਲਈ 14 ਸਾਲਾਂ ਬਾਅਦ ਕਿਲਾ ਰਾਏਪੁਰ ਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਵੀ ਬਹਾਲ ਕੀਤੀਆਂ ਗਈਆਂ ਹਨ।
ਨਾਮਵਰ ਖਿਡਾਰੀਆਂ ਦਾ ਮਾਣ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਮਾਣਮੱਤੇ ਖਿਡਾਰੀਆਂ ਜਿਵੇਂ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਸ਼ੁਭਮਨ ਗਿੱਲ, ਹਰਮਨਪ੍ਰੀਤ ਕੌਰ, ਪਲਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਸੰਧੂ, ਅਭਿਸ਼ੇਕ ਸ਼ਰਮਾ ਅਤੇ ਅਰਸ਼ਦੀਪ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਵਿਸ਼ਵ ਪੱਧਰ ‘ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਨੇ ਮਹਾਨ ਖਿਡਾਰੀਆਂ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਅਜੀਤ ਪਾਲ ਸਿੰਘ, ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ, ਹਰਚਰਨ ਸਿੰਘ, ਸੁਰਿੰਦਰ ਸਿੰਘ ਸੋਢੀ ਅਤੇ ਮੌਜੂਦਾ ਸਿਤਾਰੇ ਮਨਪ੍ਰੀਤ ਸਿੰਘ, ਅਮਨਜੋਤ ਕੌਰ ਤੇ ਹਰਲੀਨ ਦਿਓਲ ਦੀਆਂ ਪ੍ਰਾਪਤੀਆਂ ਨੂੰ ਵੀ ਸਲਾਹਿਆ।
ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਹੀ ਨਸ਼ਿਆਂ ਵਿਰੁੱਧ ਸਭ ਤੋਂ ਕਾਰਗਰ ਹਥਿਆਰ ਹਨ ਅਤੇ ਪੰਜਾਬ ਨੂੰ ਮੁੜ ਦੇਸ਼ ਦਾ ਖੇਡ ਧੁਰਾ ਬਣਾਉਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
Read More : ਹਾਈ ਕੋਰਟ ਤੋਂ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਵੱਡੀ ਰਾਹਤ
