ਵੋਲਟੇਜ ਤਾਰਾਂ

ਛੱਤ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਾਰਨ 8 ਸਾਲਾ ਬੱਚੀ ਦੀ ਮੌਤ

ਪਾਵਰਕਾਮ ਦੀ ਕਥਿਤ ਲਾਪ੍ਰਵਾਹੀ ਨੇ ਲਈ ਮਾਸੂਮ ਦੀ ਜਾਨ; ਪਿੰਡ ਲੰਬੀ ਢਾਬ ’ਚ ਵਾਪਰਿਆ ਦਰਦਨਾਕ ਹਾਦਸਾ

ਸ੍ਰੀ ਮੁਕਤਸਰ ਸਾਹਿਬ, 24 ਮਾਰਚ : ਪਾਵਰਕਾਮ ਵਿਭਾਗ ਦੀ ਕਥਿਤ ਲਾਪ੍ਰਵਾਹੀ ਕਾਰਨ ਜ਼ਿਲੇ ਦੇ ਪਿੰਡ ਲੰਬੀ ਢਾਬ ’ਚ ਇਕ 8 ਸਾਲਾ ਬੱਚੀ ਦੀ ਜਾਨ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਇਕ ਦੁਕਾਨ ਦੀ ਛੱਤ ਦੇ ਉੱਪਰੋਂ ਲੰਘ ਰਹੀਆਂ 11 ਹਜ਼ਾਰ ਕੇ.ਵੀ. ਦੀਆਂ ਨੀਵੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਬੱਚੀ ਏਕਮਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੀੜਤ ਪਰਿਵਾਰ ਅਨੁਸਾਰ ਦੋ ਦਿਨ ਪਹਿਲਾਂ ਵਿਭਾਗ ਦੇ ਕਰਮਚਾਰੀਆਂ ਨੇ ਤਾਰਾਂ ਹੇਠੋਂ ਵਾਂਸ ਹਟਾ ਦਿੱਤੇ ਸਨ, ਜਿਸ ਕਾਰਨ ਤਾਰਾਂ ਕਾਫ਼ੀ ਨੀਵੀਆਂ ਹੋ ਗਈਆਂ ਸਨ।

ਮ੍ਰਿਤਕ ਬੱਚੀ ਦੇ ਦਾਦਾ ਨਿਹਾਲ ਸਿੰਘ ਵਾਸੀ ਪਿੰਡ ਸਦਰਵਾਲਾ ਨੇ ਦੋਸ਼ ਲਾਇਆ ਕਿ ਪਿੰਡ ਵਾਸੀਆਂ ਨੇ ਕਈ ਵਾਰ ਅਧਿਕਾਰੀਆਂ ਨੂੰ ਇਹ ਖ਼ਤਰਨਾਕ ਤਾਰਾਂ ਹਟਾਉਣ ਦੀ ਅਪੀਲ ਕੀਤੀ ਸੀ, ਪਰ ਕੋਈ ਸੁਣਵਾਈ ਨਹੀਂ ਹੋਈ।

ਉਨ੍ਹਾਂ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ ਸਾਢੇ 10 ਵਜੇ ਏਕਮਦੀਪ ਖੇਡਦਿਆਂ ਛੱਤ ’ਤੇ ਗਈ ਅਤੇ ਤਾਰਾਂ ਦੀ ਲਪੇਟ ’ਚ ਆ ਗਈ, ਜਿਸ ਕਾਰਨ ਉਸ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ। ਪਰਿਵਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ।

ਦੂਜੇ ਪਾਸੇ ਪਾਵਰਕਾਮ ਦੇ ਜੇ.ਈ. ਗੁਰਜੀਤ ਸਿੰਘ ਨੇ ਕਿਹਾ ਕਿ ਜਿੱਥੇ ਇਹ ਘਟਨਾ ਵਾਪਰੀ ਹੈ, ਉੱਥੇ ਗ਼ੈਰ-ਕਾਨੂੰਨੀ ਨਿਰਮਾਣ ਕੀਤਾ ਗਿਆ ਸੀ ਅਤੇ ਪਰਿਵਾਰ ਨੂੰ ਇਸ ਸਬੰਧੀ ਪਹਿਲਾਂ ਵੀ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ’ਚ ਆ ਰਹੀ ਦਿੱਕਤ ਕਾਰਨ ਵਾਂਸ ਹਟਾਉਣੇ ਜ਼ਰੂਰੀ ਸਨ। ਫਿਲਹਾਲ ਸਥਾਨਕ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Read More : ਹਰਪਾਲ ਚੀਮਾ ਨੂੰ ਟਰਾਂਸਪੋਰਟ ਅਤੇ ਡਾ. ਰਵਜੋਤ ਨੂੰ ਮਿਲਿਆ ਜੇਲ੍ਹ ਵਿਭਾਗ

Leave a Reply

Your email address will not be published. Required fields are marked *