ਯੋਜਨਾ ਹੁਣ ਲਿੰਗ-ਨਿਰਪੱਖ; ਔਰਤਾਂ ਦੇ ਨਾਲ ਪੁਰਸ਼ ਅਤੇ ਟ੍ਰਾਂਸਜੈਂਡਰ ਪੀੜਤਾਂ ਨੂੰ ਵੀ ਮਿਲੇਗਾ ਲਾਭ
ਚੰਡੀਗੜ੍ਹ, 19 ਮਾਰਚ : ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਤੇਜ਼ਾਬ ਹਮਲੇ ਦੇ ਪੀੜਤਾਂ ਲਈ ਵਿੱਤੀ ਸੁਰੱਖਿਆ ਅਤੇ ਸਮਾਜਿਕ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਯੋਜਨਾ ਤਹਿਤ ਮਹੀਨਾਵਾਰ ਸਹਾਇਤਾ ਰਾਸ਼ੀ 8,000 ਰੁਪਏ ਤੋਂ ਵਧਾ ਕੇ 10,000 ਰੁਪਏ ਕਰ ਦਿੱਤੀ ਹੈ।
ਡਾ. ਬਲਜੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ ਦੌਰਾਨ ਇਸ ਯੋਜਨਾ ਨੂੰ ‘ਲਿੰਗ-ਨਿਰਪੱਖ’ ਬਣਾਇਆ ਗਿਆ ਹੈ। ਪਹਿਲਾਂ ਇਹ ਸਹਾਇਤਾ ਸਿਰਫ਼ ਔਰਤਾਂ ਤੱਕ ਸੀਮਤ ਸੀ, ਪਰ ਹੁਣ ਪੁਰਸ਼ ਅਤੇ ਟ੍ਰਾਂਸਜੈਂਡਰ ਪੀੜਤ ਵੀ ਇਸ ਦਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਇਹ ਵਧੀ ਹੋਈ ਰਾਸ਼ੀ ਪੀੜਤਾਂ ਦੀ ਰੋਜ਼ੀ-ਰੋਟੀ ਅਤੇ ਮੁੜ ਵਸੇਬੇ ਲਈ ਮਹੱਤਵਪੂਰਨ ਸਿੱਧ ਹੋਵੇਗੀ।
ਕੈਬਨਿਟ ਮੰਤਰੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਤੇਜ਼ਾਬੀ ਹਮਲੇ ਨਾ ਸਿਰਫ਼ ਸਰੀਰਕ ਸਗੋਂ ਡੂੰਘੇ ਮਾਨਸਿਕ ਜ਼ਖ਼ਮ ਵੀ ਦਿੰਦੇ ਹਨ। ਉਨ੍ਹਾਂ ਪੀੜਤਾਂ ਦੀ ਹਿੰਮਤ ਨੂੰ ਸਲਾਮ ਕਰਦਿਆਂ ਭਰੋਸਾ ਦਿੱਤਾ ਕਿ ਇਹ ਮਹਿਜ਼ ਵਿੱਤੀ ਮੱਦਦ ਨਹੀਂ, ਸਗੋਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਨਾਲ ਡਟ ਕੇ ਖੜ੍ਹਨ ਦਾ ਇੱਕ ਵਾਅਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਹਰ ਵਰਗ ਦੀ ਭਲਾਈ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
Read More : ਅੰਤਰਰਾਸ਼ਟਰੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 6 ਗ੍ਰਿਫ਼ਤਾਰ
