ਕਿਹਾ-ਮਾਨ ਸਰਕਾਰ ਨੇ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ; ਸੁਨਾਮ ਹਲਕੇ ਨੂੰ ਆਰਮਡ ਫੋਰਸਿਜ਼ ਇੰਸਟੀਚਿਊਟ ਦੀ ਮਿਲੀ ਵੱਡੀ ਸੌਗਾਤ
ਚੰਡੀਗੜ੍ਹ, 9 ਮਾਰਚ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਸਾਲ 2026-27 ਦੇ ਬਜਟ ਨੂੰ ਇਤਿਹਾਸਕ ਅਤੇ ਪਰਿਵਰਤਨਸ਼ੀਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਪ੍ਰਮੁੱਖ ਗਾਰੰਟੀਆਂ ਦੀ ਪੂਰਤੀ ਵੱਲ ਇੱਕ ਵੱਡਾ ਕਦਮ ਹੈ, ਜੋ ਖਾਸ ਤੌਰ ‘ਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਸਮਰਪਿਤ ਹੈ।
ਵਿਧਾਨ ਸਭਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਇਸ ਯੋਜਨਾ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਸਿੱਧੀ ਵਿੱਤੀ ਸਹਾਇਤਾ (DBT) ਯੋਜਨਾ ਹੈ, ਜਿਸ ਦਾ ਲਾਭ ਸੂਬੇ ਦੀਆਂ 97 ਫੀਸਦ ਔਰਤਾਂ ਨੂੰ ਮਿਲੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸਿੱਖਿਆ, ਸਿਹਤ, ਮੁਫ਼ਤ ਬਿਜਲੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਹਾਇਤਾ ਵਰਗੀਆਂ ਸਾਰੀਆਂ ਪ੍ਰਮੁੱਖ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਤੋਂ ਮਿਲੇ ਕਰਜ਼ੇ ਦੇ ਬੋਝ ਦੇ ਬਾਵਜੂਦ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿਨਾਂ ਕੋਈ ਨਵਾਂ ਟੈਕਸ ਲਗਾਏ ਬਹੁਤ ਹੀ ਕੁਸ਼ਲਤਾ ਨਾਲ ਵਿੱਤੀ ਪ੍ਰਬੰਧਨ ਕੀਤਾ ਹੈ।
ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਪਿੰਡ ਚੀਮਾ ਵਿੱਚ ‘ਸੰਤ ਅਤਰ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ’ ਅਤੇ ਇੱਕ ਨਵਾਂ ਡਿਗਰੀ ਕਾਲਜ ਸਥਾਪਤ ਕਰਨ ਦੇ ਐਲਾਨ ਲਈ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਦੇ ਨਾਲ-ਨਾਲ ਦੇਸ਼ ਦੀ ਸੇਵਾ ਲਈ ਫੌਜ ਵਿੱਚ ਭਰਤੀ ਹੋਣ ਦੇ ਯੋਗ ਬਣਾਏਗੀ।
ਇਸ ਵਾਰ ਬਜਟ ਵਿਚ ਸਿਹਤ ਅਤੇ ਸਿੱਖਿਆ ਖੇਤਰ ਲਈ ਰਿਕਾਰਡ ਫੰਡ ਅਲਾਟ ਕੀਤੇ ਗਏ ਹਨ। ਸੂਬੇ ਵਿਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ 6,000 ਨਵੇਂ ਸਟੇਡੀਅਮ ਬਣਾਉਣ ਦੀ ਯੋਜਨਾ ਹੈ। ਗਰੀਬ ਪਰਿਵਾਰਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਆਟਾ, ਦਾਲਾਂ ਅਤੇ ਖੰਡ ਮੁਹੱਈਆ ਕਰਵਾਉਣ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ।
ਅਮਨ ਅਰੋੜਾ ਨੇ ਵਿਰੋਧੀ ਧਿਰ ‘ਤੇ ਚੋਟ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਬਜਟ ਨੇ ਵਿਰੋਧੀਆਂ ਨੂੰ ਲਾਜਵਾਬ ਕਰ ਦਿੱਤਾ ਹੈ, ਜਿਸ ਕਾਰਨ ਬਜਟ ਭਾਸ਼ਣ ਦੌਰਾਨ ਉਹ ਚੁੱਪ ਰਹਿਣ ਲਈ ਮਜਬੂਰ ਹੋ ਗਏ।
Read More : ਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਮਾਹਿਰਾਂ ਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਅੱਗੇ ਆਉਣ ਦਾ ਸੱਦਾ
