ਸਰਕਾਰ ਨੇ ਵਿੱਤੀ ਸਾਲ 2026-27 ਲਈ 2,60,437 ਕਰੋੜ ਰੁਪਏ ਦਾ ਬਜਟ ਪੇਸ਼; ਸਿੱਖਿਆ, ਸਿਹਤ ਅਤੇ ਖੇਤੀਬਾੜੀ ਲਈ ਖੋਲ੍ਹਿਆ ਖ਼ਜ਼ਾਨਾ
ਚੰਡੀਗੜ੍ਹ, 8 ਮਾਰਚ : ਪੰਜਾਬ ਵਿਧਾਨ ਸਭਾ ’ਚ ਐਤਵਾਰ ਨੂੰ ਵਿੱਤੀ ਸਾਲ 2026-27 ਲਈ 2,60,437 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਇਸ ਬਜਟ ’ਚ ਸੂਬੇ ਦੀ ਵਿਕਾਸ ਦਰ 10 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ, ਜਿਸ ਨਾਲ ਜੀ.ਐੱਸ.ਡੀ.ਪੀ. 9,80,635 ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ। ਆਉਣ ਵਾਲੇ ਵਿੱਤੀ ਸਾਲ ਦੌਰਾਨ ਵਿੱਤੀ ਘਾਟਾ 39,970.65 ਕਰੋੜ ਰੁਪਏ (ਜੀ.ਐੱਸ.ਡੀ.ਪੀ. ਦਾ 4.08 ਫ਼ੀਸਦੀ) ਰਹਿਣ ਦਾ ਅਨੁਮਾਨ ਹੈ।
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ ਵਿਚ ਇਸ ਵਾਰ ਦੇ ਬਜਟ ਵਿੱਚ ਸਭ ਤੋਂ ਵੱਡਾ ਐਲਾਨ ਔਰਤਾਂ ਲਈ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਲਈ ਸਰਕਾਰ ਨੇ 9300 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਸੂਬੇ ਦੀਆਂ ਲਗਭਗ 97 ਫ਼ੀਸਦੀ ਬਾਲਗ ਔਰਤਾਂ ਇਸ ਦਾ ਲਾਭ ਲੈ ਸਕਣਗੀਆਂ। ਸਮਾਜਿਕ ਸੁਰੱਖਿਆ ਪੈਨਸ਼ਨ ਲੈ ਰਹੀਆਂ ਔਰਤਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਨਵੀਂ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ ਵਿੱਤੀ ਮਦਦ ਦਿੱਤੀ ਜਾਵੇਗੀ। ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਦਲਿਤ (ਅਨੁਸੂਚਿਤ ਜਾਤੀ) ਵਰਗ ਦੀਆਂ ਔਰਤਾਂ ਨੂੰ 1500 ਰੁਪਏ ਮਹੀਨਾਵਾਰ ਦਿੱਤੇ ਜਾਣਗੇ। ਇਹ ਪੈਸੇ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਣਗੇ। ਹਾਲਾਂਕਿ, ਸਰਕਾਰੀ ਮੁਲਾਜ਼ਮ ਅਤੇ ਟੈਕਸ ਭਰਨ ਵਾਲੀਆਂ ਔਰਤਾਂ ਇਸ ਦਾ ਲਾਭ ਨਹੀਂ ਲੈ ਸਕਣਗੀਆਂ।
ਬਜਟ ਦੀਆਂ ਕੁਝ ਖ਼ਾਸ ਗੱਲਾਂ
ਮੁਫ਼ਤ ਸਫ਼ਰ ਤੇ ਸਿਹਤ : ਔਰਤਾਂ ਲਈ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਜਾਰੀ ਰਹੇਗੀ। ਇਸ ਤੋਂ ਇਲਾਵਾ, ਹੁਣ 10 ਲੱਖ ਰੁਪਏ ਤੱਕ ਦਾ ਇਲਾਜ ਬਿਲਕੁਲ ਮੁਫ਼ਤ (ਕੈਸ਼ਲੈੱਸ) ਹੋਵੇਗਾ।
ਸਿੱਖਿਆ ‘ਤੇ ਜ਼ੋਰ : ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਸੁਧਾਰ ਲਈ 19,000 ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਗਿਆ ਹੈ।
ਕਿਸਾਨਾਂ ਨੂੰ ਰਾਹਤ : ਖੇਤੀਬਾੜੀ ਲਈ 15,377 ਕਰੋੜ ਰੁਪਏ ਰੱਖੇ ਗਏ ਹਨ ਅਤੇ ਕਿਸਾਨਾਂ ਨੂੰ ਮਿਲਣ ਵਾਲੀ ਮੁਫ਼ਤ ਬਿਜਲੀ ਪਹਿਲਾਂ ਵਾਂਗ ਜਾਰੀ ਰਹੇਗੀ।
ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ : ਸੜਕਾਂ, ਗਲੀਆਂ ਅਤੇ ਸ਼ਹਿਰੀ ਸਹੂਲਤਾਂ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾਣਗੇ।
ਖੇਡਾਂ ਤੇ ਜਵਾਨੀ : ਨੌਜਵਾਨਾਂ ਲਈ ਪੰਜਾਬ ਭਰ ਵਿੱਚ 6,000 ਨਵੇਂ ਖੇਡ ਮੈਦਾਨ ਅਤੇ 5,000 ਜਿੰਮ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।
ਕੌਣ ਨਹੀਂ ਹੋਵੇਗਾ ਪਾਤਰ : ਸਰਕਾਰ ਵੱਲੋਂ ਤੈਅ ਸ਼ਰਤਾਂ ਅਨੁਸਾਰ, ਸਾਬਕਾ ਅਤੇ ਮੌਜੂਦਾ ਸਰਕਾਰੀ ਮੁਲਾਜ਼ਮ, ਸਾਬਕਾ ਅਤੇ ਮੌਜੂਦਾ ਸੰਸਦ ਮੈਂਬਰ ਜਾਂ ਵਿਧਾਇਕ ਅਤੇ ਇਨਕਮ ਟੈਕਸ (ਆਮਦਨ ਕਰ) ਭਰਨ ਵਾਲੀਆਂ ਔਰਤਾਂ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਣਗੀਆਂ।
Read More : ਹਥਿਆਰ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 2 ਗ੍ਰਿਫ਼ਤਾਰ
