Ashwani Sharma

ਬਜਟ ਮਾਵਾਂ-ਭੈਣਾਂ ਨਾਲ ਵੱਡਾ ਧੋਖਾ; ਕਿਸਾਨ, ਮੁਲਾਜ਼ਮ ਤੇ ਵਪਾਰੀ ਨਿਰਾਸ਼ : ਅਸ਼ਵਨੀ ਸ਼ਰਮਾ

ਕਿਹਾ-15 ਹਜ਼ਾਰ ਕਰੋੜ ਦੀ ਲੋੜ ਪਰ ਰੱਖੇ ਸਿਰਫ਼ 9300 ਕਰੋੜ; ਰਜਿਸਟ੍ਰੇਸ਼ਨ ਦੀ ਸ਼ਰਤ ਲਾ ਕੇ ਔਰਤਾਂ ਨੂੰ ਉਲਝਾਇਆ

ਚੰਡੀਗੜ੍ਹ, 8 ਮਾਰਚ : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਪੰਜਾਬ ਦੀਆਂ ਮਾਵਾਂ-ਭੈਣਾਂ ਨਾਲ ਵੱਡਾ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਕਿਸਾਨਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਦੀਆਂ ਉਮੀਦਾਂ ‘ਤੇ ਖ਼ਰਾ ਨਹੀਂ ਉਤਰਿਆ ਅਤੇ ਹਰ ਵਰਗ ਨੂੰ ਨਿਰਾਸ਼ ਕਰਨ ਵਾਲਾ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ 16 ਮਾਰਚ 2022 ਨੂੰ ਬਣੀ ‘ਆਪ’ ਸਰਕਾਰ ਦੇ ਚਾਰ ਸਾਲ (48 ਮਹੀਨੇ) 16 ਮਾਰਚ 2026 ਨੂੰ ਪੂਰੇ ਹੋਣ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਕਾਰ ਵਾਕਈ ਮਹਿਲਾਵਾਂ ਪ੍ਰਤੀ ਸੰਵੇਦਨਸ਼ੀਲ ਹੁੰਦੀ, ਤਾਂ ਉਨ੍ਹਾਂ ਨੂੰ 1000 ਰੁਪਏ ਮਹੀਨਾ ਦੇ ਹਿਸਾਬ ਨਾਲ ਪਿਛਲੇ ਚਾਰ ਸਾਲਾਂ ਦੇ ਬਣਦੇ 48 ਹਜ਼ਾਰ ਰੁਪਏ ਇਕਮੁਸ਼ਤ ਦੇਣ ਦਾ ਪ੍ਰਬੰਧ ਇਸ ਬਜਟ ’ਚ ਕਰਦੀ।

ਉਨ੍ਹਾਂ ਦੋਸ਼ ਲਾਇਆ ਕਿ ਔਰਤਾਂ ਨੂੰ 1000 ਜਾਂ 1500 ਰੁਪਏ ਦੇਣ ਲਈ ਬਜਟ ’ਚ ਪੂਰੀ ਰਕਮ ਨਹੀਂ ਰੱਖੀ ਗਈ। ਇਸ ਯੋਜਨਾ ਲਈ ਲਗਭਗ 15 ਹਜ਼ਾਰ ਕਰੋੜ ਰੁਪਏ ਦੀ ਲੋੜ ਹੈ, ਜਦਕਿ ਸਰਕਾਰ ਨੇ ਸਿਰਫ਼ 9300 ਕਰੋੜ ਰੁਪਏ ਦਾ ਹੀ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਯੋਜਨਾ ਲਈ ਰਜਿਸਟ੍ਰੇਸ਼ਨ ਦੀ ਸ਼ਰਤ ਲਗਾਉਣਾ ਲੋਕਾਂ ਨੂੰ ਗੁਮਰਾਹ ਕਰਨ ਦਾ ਤਰੀਕਾ ਹੈ। ਜਿਵੇਂ 10 ਲੱਖ ਰੁਪਏ ਵਾਲੀ ਸਿਹਤ ਬੀਮਾ ਯੋਜਨਾ ਦਾ ਰਜਿਸਟ੍ਰੇਸ਼ਨ ਅਜੇ ਤੱਕ ਪੂਰਾ ਨਹੀਂ ਹੋ ਸਕਿਆ, ਉਸੇ ਤਰ੍ਹਾਂ ਇਸ ਯੋਜਨਾ ਨੂੰ ਵੀ ਲੰਮੇ ਸਮੇਂ ਤੱਕ ਲਟਕਾਇਆ ਜਾਵੇਗਾ।

ਭਾਜਪਾ ਆਗੂ ਨੇ ਕਿਹਾ ਕਿ ਕਿਸਾਨਾਂ ਨੂੰ 24 ਫ਼ਸਲਾਂ ’ਤੇ ਐੱਮ.ਐੱਸ.ਪੀ. (MSP) ਦੀ ਕਾਨੂੰਨੀ ਗਾਰੰਟੀ ਨਾ ਦੇ ਕੇ ਸਰਕਾਰ ਨੇ ਆਪਣੇ ਚੋਣ ਵਾਅਦੇ ਤੋਂ ਪਿੱਠ ਮੋੜੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਨੂੰ ਆਪਣੀਆਂ ਦੱਸ ਕੇ ਪੇਸ਼ ਕਰ ਰਹੀ ਹੈ। ਸੜਕਾਂ ਦੇ 15 ਹਜ਼ਾਰ ਕਰੋੜ ਦੇ ਪ੍ਰੋਜੈਕਟ, ਗ਼ਰੀਬਾਂ ਦੇ ਘਰ, ਅਮਰੂਤ 2.0 ਦੇ 3504 ਕਰੋੜ ਰੁਪਏ ਅਤੇ ਸਕੂਲਾਂ ’ਚ ਕੰਪਿਊਟਰ ਵਰਗੀਆਂ ਸਹੂਲਤਾਂ ਕੇਂਦਰ ਸਰਕਾਰ ਦੇ ਫੰਡਾਂ ਨਾਲ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਅੰਤ ’ਚ ਕਿਹਾ ਕਿ ਬਜਟ ’ਚ ਸਿਹਤ ਸੇਵਾਵਾਂ ਅਤੇ ਮੁਲਾਜ਼ਮਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ ਹੈ।

Read More : ਪੰਜਾਬ ਬਜਟ : ਔਰਤਾਂ ਲਈ ਵੱਡੀ ਸੌਗਾਤ; ਹਰ ਮਹੀਨੇ ਮਿਲਣਗੇ 1000 ਤੋਂ 1500 ਰੁਪਏ

Leave a Reply

Your email address will not be published. Required fields are marked *