ਰਣਜੀਤ ਸਿੰਘ

ਰਣਜੀਤ ਸਿੰਘ ਐਨਕਾਊਂਟਰ ਮਾਮਲਾ: ਸੀ.ਜੇ.ਐੱਮ. ਦੀ ਮੌਜੂਦਗੀ ’ਚ ਹੋਇਆ ਪੋਸਟਮਾਰਟਮ

ਅਦਾਲਤ ਦੇ ਵਿਸ਼ੇਸ਼ ਹੁਕਮਾਂ ਤਹਿਤ ਹੋਈ ਵੀਡੀਓਗ੍ਰਾਫੀ; ਅਦਾਲਤ ਨੇ ਸੀ.ਸੀ.ਟੀ.ਵੀ. ਫੁਟੇਜ ਅਤੇ ਫ਼ੋਨ ਲੋਕੇਸ਼ਨ ਸੁਰੱਖਿਅਤ ਰੱਖਣ ਦੇ ਦਿੱਤੇ ਹੁਕਮ

ਗੁਰਦਾਸਪੁਰ, 3 ਮਾਰਚ : ਜ਼ਿਲਾ ਗੁਰਦਾਸਪੁਰ ਦੀ ਆਦੀਆਂ ਪੋਸਟ ਨੇੜੇ ਹੋਏ ਕਥਿਤ ਪੁਲਸ ਐਨਕਾਊਂਟਰ ’ਚ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਦਾ ਪੋਸਟਮਾਰਟਮ ਅੱਜ ਮੁਕੰਮਲ ਹੋ ਗਿਆ। ਇਹ ਕਾਰਵਾਈ ਗੁਰਦਾਸਪੁਰ ਅਦਾਲਤ ਦੇ ਵਿਸ਼ੇਸ਼ ਹੁਕਮਾਂ ’ਤੇ ਚੀਫ਼ ਜੁਡੀਸ਼ੀਅਲ ਮਜਿਸਟਰੇਟ (ਸੀ.ਜੇ.ਐੱਮ.) ਦੀ ਮੌਜੂਦਗੀ ’ਚ ਡਾਕਟਰਾਂ ਦੇ ਇਕ ਵਿਸ਼ੇਸ਼ ਬੋਰਡ ਵੱਲੋਂ ਕੀਤੀ ਗਈ। ਜਾਂਚ ਦੀ ਸਮੀਖਿਆ ਕਰਦਿਆਂ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੁਲਸ ਦੀ ਕਹਾਣੀ ’ਤੇ ਸਵਾਲ ਉਠਾਏ ਜਾ ਰਹੇ ਸਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪੁਲਸ ਨੇ ਰਣਜੀਤ ਸਿੰਘ ਨੂੰ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਹੀ ਘਰੋਂ ਚੁੱਕ ਲਿਆ ਸੀ। ਅਦਾਲਤ ਨੇ ਇਸ ਸੰਵੇਦਨਸ਼ੀਲ ਮਾਮਲੇ ’ਚ ਕਈ ਅਹਿਮ ਨਿਰਦੇਸ਼ ਜਾਰੀ ਕੀਤੇ ਹਨ।

ਅਦਾਲਤ ਨੇ ਸਬੰਧਤ ਪੁਲਸ ਕਰਮਚਾਰੀਆਂ ਅਤੇ ਮ੍ਰਿਤਕ ਰਣਜੀਤ ਸਿੰਘ ਦੇ ਮੋਬਾਈਲ ਫ਼ੋਨਾਂ ਦੀ ਕਾਲ ਡਿਟੇਲ (ਸੀ.ਡੀ.ਆਰ.) ਅਤੇ ਲੋਕੇਸ਼ਨ 20 ਫਰਵਰੀ ਤੋਂ 28 ਫਰਵਰੀ ਤੱਕ ਸੁਰੱਖਿਅਤ ਰੱਖਣ ਲਈ ਕਿਹਾ ਹੈ। ਇਸ ਤੋਂ ਇਲਾਵਾ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਦਾ ਹਿੱਸਾ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਸੀ.ਆਈ.ਏ. ਇੰਚਾਰਜ ਗੁਰਮੀਤ ਸਿੰਘ ਦੀ ਮੈਡੀਕਲ ਜਾਂਚ ਲਈ ਵੀ ਡਾਕਟਰਾਂ ਦਾ ਵਿਸ਼ੇਸ਼ ਬੋਰਡ ਬਣਾਇਆ ਗਿਆ ਹੈ, ਜੋ ਇਹ ਸਪੱਸ਼ਟ ਕਰੇਗਾ ਕਿ ਗੋਲੀ ਦਾ ਜ਼ਖ਼ਮ ਕਿਵੇਂ ਲੱਗਿਆ। ਪੋਸਟਮਾਰਟਮ ਤੋਂ ਬਾਅਦ ਹੁਣ ਸਾਰੇ ਪੱਖਾਂ ਦੀ ਨਜ਼ਰ ਮੈਡੀਕਲ ਰਿਪੋਰਟ ’ਤੇ ਟਿਕੀ ਹੋਈ ਹੈ, ਜੋ ਇਸ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਲਿਆਉਣ ’ਚ ਅਹਿਮ ਸਾਬਤ ਹੋਵੇਗੀ।

ਪਰਿਵਾਰ ਨੇ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ

ਪੋਸਟਮਾਰਟਮ ਦੀ ਪ੍ਰਕਿਰਿਆ ਮੁਕੰਮਲ ਹੋਣ ਦੇ ਬਾਅਦ ਅੱਜ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮ੍ਰਿਤਕ ਦੇਹ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪ੍ਰਸ਼ਾਸਨ ਵੱਲੋਂ ਅੱਜ ਹੀ ਵਾਰਸਾਂ ਨੂੰ ਦੇਹ ਸੌਂਪਣ ਦੀ ਕੋਸ਼ਿਸ਼ ਕੀਤੀ ਗਈ, ਪਰ ਪਰਿਵਾਰਕ ਮੈਂਬਰਾਂ ਅਤੇ ਇਕੱਤਰ ਹੋਏ ਆਗੂਆਂ ਨੇ ਇਸ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਭਾਰੀ ਵਿਰੋਧ ਦੇ ਬਾਅਦ ਆਖ਼ਰਕਾਰ ਇਸ ਗੱਲ ’ਤੇ ਸਹਿਮਤੀ ਬਣੀ ਕਿ ਅੱਜ ਰਣਜੀਤ ਸਿੰਘ ਦੀ ਦੇਹ ਹਸਪਤਾਲ ’ਚ ਹੀ ਰਹੇਗੀ।

ਇਸ ਮਾਮਲੇ ਦੀ ਸਮੀਖਿਆ ਕਰਦਿਆਂ ਮ੍ਰਿਤਕ ਦੇ ਤਾਇਆ ਹਰਮਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ 4 ਮਾਰਚ ਨੂੰਮੁੜ ਮੀਟਿੰਗ ਹੋਵੇਗੀ, ਜਿਸ ਦੇ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ।
ਦੂਜੇ ਪਾਸੇ 11 ਮੈਂਬਰੀ ਸੰਘਰਸ਼ ਕਮੇਟੀ ਦੇ ਮੈਂਬਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਸਪੱਸ਼ਟ ਕੀਤਾ ਕਿ ਹਾਲ ਦੀ ਘੜੀ ਸਿਰਫ਼ ਪੋਸਟਮਾਰਟਮ ਹੋਇਆ ਹੈ, ਜਦਕਿ ਮਾਮਲੇ ਦੀ ਜਾਂਚ ਸੀ.ਬੀ.ਆਈ. ਕੋਲੋਂ ਕਰਵਾਉਣ ਸਮੇਤ ਹੋਰ ਮੰਗਾਂ ’ਤੇ ਕਮੇਟੀ ਦਾ ਸਟੈਂਡ ਪਹਿਲਾਂ ਵਾਂਗ ਹੀ ਕਾਇਮ ਹੈ।

Read More : ਵਿੱਤ ਮੰਤਰੀ ਚੀਮਾ ਵੱਲੋਂ ‘ਆਪ’ ਸਰਕਾਰ ਦੇ 4 ਸਾਲਾਂ ਦਾ ਲੇਖਾ-ਜੋਖਾ ਪੇਸ਼; ਮਾਲੀਏ ਵਿਚ ਰਿਕਾਰਡ ਵਾਧੇ ਦਾ ਦਾਅਵਾ

Leave a Reply

Your email address will not be published. Required fields are marked *