ਬਾਬਾ ਦੀਪ ਸਿੰਘ ਨਗਰ ’ਚ ਪਵਿੱਤਰ ਅੰਗ ਖਿੱਲਰੇ ਮਿਲੇ; ਪੁਲਸ ਨੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਕੀਤੀ ਤੇਜ
ਬਠਿੰਡਾ, 2 ਮਾਰਚ : ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ’ਚ ਗੁਰਦੁਆਰਾ ਸਾਹਿਬ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਇਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਸਵੇਰੇ ਜਦੋਂ ਸੰਗਤ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਲਈ ਪਹੁੰਚੀ, ਤਾਂ ਉੱਥੇ ਗੁਟਕਾ ਸਾਹਿਬ ਦੇ ਕੁਝ ਪਾੜੇ ਹੋਏ ਪਵਿੱਤਰ ਅੰਗ ਖਿੱਲਰੇ ਹੋਏ ਮਿਲੇ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ’ਚ ਸੋਗ ਅਤੇ ਰੋਸ ਦੀ ਲਹਿਰ ਫੈਲ ਗਈ।
ਗੁਰਦੁਆਰਾ ਕਮੇਟੀ ਵੱਲੋਂ ਪੁਲਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਉੱਚ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ। ਪੁਲਸ ਨੇ ਪਵਿੱਤਰ ਅੰਗਾਂ ਨੂੰ ਪੂਰੀ ਮਰਯਾਦਾ ਅਤੇ ਸਤਿਕਾਰ ਸਹਿਤ ਇਕੱਠਾ ਕਰਕੇ ਗੁਰਦੁਆਰਾ ਸਾਹਿਬ ਪਹੁੰਚਾਇਆ। ਇਸ ਘਟਨਾ ਬਾਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਜਾਣੂ ਕਰਵਾਇਆ ਗਿਆ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਇਕ ਵਿਸ਼ੇਸ਼ ਟੀਮ ਤਲਵੰਡੀ ਸਾਬੋ ਤੋਂ ਜਾਂਚ ਲਈ ਬਠਿੰਡਾ ਪਹੁੰਚੀ।
ਥਾਣਾ ਕੈਨਾਲ ਦੇ ਇੰਚਾਰਜ ਹਰਜੋਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਲਈ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
Read More : ਹਰਿਆਣਾ ਦਾ 2,23,658 ਕਰੋੜ ਦਾ ਵੱਡਾ ਬਜਟ ਪੇਸ਼
