drug

ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 6 ਸਮੱਗਲਰ ਗ੍ਰਿਫ਼ਤਾਰ

ਲੁਧਿਆਣਾ ਅਤੇ ਟ੍ਰਾਈਸਿਟੀ ‘ਚ ਸਪਲਾਈ ਹੁੰਦੀਆਂ ਸਨ ਮਹਿੰਗੀਆਂ ਪਾਰਟੀ ਡਰੱਗਜ਼

ਡੀਜੀਪੀ ਗੌਰਵ ਯਾਦਵ ਵੱਲੋਂ ਵੱਡੀ ਮਾਤਰਾ ‘ਚ ਕੋਕੀਨ ਅਤੇ MDMA ਗੋਲੀਆਂ ਦੀ ਬਰਾਮਦਗੀ ਦੀ ਪੁਸ਼ਟੀ

ਲੁਧਿਆਣਾ, 1 ਮਾਰਚ : ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੰਜਾਬ ਪੁਲਿਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਨੇ ਇੱਕ ਸੰਗਠਿਤ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਇਸ ਕਾਰਵਾਈ ਦੌਰਾਨ ਪੁਲਿਸ ਨੇ ਲੁਧਿਆਣਾ ਅਤੇ ਟ੍ਰਾਈਸਿਟੀ ਖੇਤਰ ਵਿੱਚ ਸਰਗਰਮ ਛੇ ਮੁੱਖ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸ਼ਹਿਰੀ ਨੌਜਵਾਨਾਂ ਨੂੰ ਮਹਿੰਗੇ ਅਤੇ ਵਿਦੇਸ਼ੀ ਨਸ਼ਿਆਂ ਦੀ ਸਪਲਾਈ ਕਰ ਰਹੇ ਸਨ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ਰਾਹੀਂ ਇਸ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਲੰਬੇ ਸਮੇਂ ਦੀ ਖੁਫੀਆ ਜਾਣਕਾਰੀ ਅਤੇ ਨਿਗਰਾਨੀ ‘ਤੇ ਅਧਾਰਤ ਸੀ। ਪੁਲਿਸ ਮੁਤਾਬਕ ਛਾਪੇਮਾਰੀ ਦੌਰਾਨ 1,215 MDMA ਗੋਲੀਆਂ ਬਰਾਮਦ ਹੋਈਆਂ ਹਨ, ਜੋ ਕਿ ਦੇਸ਼ ਦੀਆਂ ਸਭ ਤੋਂ ਵੱਡੀਆਂ ਜ਼ਬਤੀਆਂ ਵਿੱਚੋਂ ਇੱਕ ਹੈ।

ਇਸ ਤੋਂ ਇਲਾਵਾ 263 ਗ੍ਰਾਮ ਕੋਕੀਨ, 82 ਗ੍ਰਾਮ ਆਈਸ (ਮੇਥਾਮਫੇਟਾਮਾਈਨ), 1.251 ਕਿਲੋਗ੍ਰਾਮ THC ਉਤਪਾਦ, 16 ਗ੍ਰਾਮ ਮੈਜਿਕ ਮਸ਼ਰੂਮ, 400 ਗ੍ਰਾਮ ਅਫੀਮ ਅਤੇ ਕਰੀਬ 9 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ।

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਏਅਰ ਕੋਰੀਅਰ ਰਾਹੀਂ ਵਿਦੇਸ਼ਾਂ ਤੋਂ ਨਸ਼ੇ ਮੰਗਵਾਉਂਦਾ ਸੀ ਅਤੇ ਪੁਲਿਸ ਦੀ ਨਜ਼ਰ ਤੋਂ ਬਚਣ ਲਈ ਏਨਕ੍ਰਿਪਟਡ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰਦਾ ਸੀ। ਪੁਲਿਸ ਹੁਣ ਇਸ ਸਿੰਡੀਕੇਟ ਦੇ ਅਗਲੇ-ਪਿਛਲੇ ਸਬੰਧਾਂ (Backward and Forward Linkages) ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਨੈੱਟਵਰਕ ਨਾਲ ਜੁੜੇ ਹੋਰ ਸਮੱਗਲਰਾਂ ਨੂੰ ਵੀ ਕਾਬੂ ਕੀਤਾ ਜਾ ਸਕੇ।

Read More : ਵਿਗਿਆਨਕ ਖੋਜਾਂ ਹੀ ਨਿਰਧਾਰਤ ਕਰਦੀਆਂ ਹਨ ਵਿਕਸਤ ਰਾਸ਼ਟਰ ਦਾ ਮਾਰਗ : ਹਰਜੋਤ ਬੈਂਸ

Leave a Reply

Your email address will not be published. Required fields are marked *