ਮਹਾਨ-ਵਿਗਿਆਨੀਆ

ਵਿਗਿਆਨਕ ਖੋਜਾਂ ਹੀ ਨਿਰਧਾਰਤ ਕਰਦੀਆਂ ਹਨ ਵਿਕਸਤ ਰਾਸ਼ਟਰ ਦਾ ਮਾਰਗ : ਹਰਜੋਤ ਬੈਂਸ

IISER ਮੋਹਾਲੀ ਵਿਖੇ ਸਾਇੰਸ ਫੈਸਟ “ਤੱਤਵਾ” ਦਾ ਉਦਘਾਟਨ ; ਸਿੱਖਿਆ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਵਿਗਿਆਨੀਆਂ ਨੂੰ ਰੋਲ ਮਾਡਲ ਬਣਾਉਣ ਦਾ ਸੱਦਾ

ਐੱਸ.ਏ.ਐੱਸ. ਨਗਰ, 1 ਮਾਰਚ : ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਦੀ ਵਿਕਾਸ ਕਹਾਣੀ ਉਸ ਦੀਆਂ ਵਿਗਿਆਨਕ ਪ੍ਰਾਪਤੀਆਂ ‘ਤੇ ਟਿਕੀ ਹੁੰਦੀ ਹੈ। ਰਾਸ਼ਟਰੀ ਵਿਗਿਆਨ ਦਿਵਸ ਦੇ ਮੌਕੇ ‘ਤੇ ਆਈਆਈਐਸਈਆਰ ਮੋਹਾਲੀ ਵਿਖੇ ਸਾਲਾਨਾ ਸਾਇੰਸ ਫੈਸਟ “ਤੱਤਵਾ” ਦਾ ਉਦਘਾਟਨ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੰ ਵਿਗਿਆਨ ਨੂੰ ਰਾਸ਼ਟਰ ਨਿਰਮਾਣ ਦੇ ਸ਼ਕਤੀਸ਼ਾਲੀ ਸਾਧਨ ਵਜੋਂ ਅਪਣਾਉਣ ਦੀ ਅਪੀਲ ਕੀਤੀ।

ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਹੀਏ ਦੀ ਕਾਢ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤੱਕ ਮਨੁੱਖੀ ਤਰੱਕੀ ਦਾ ਹਰ ਪੜਾਅ ਵਿਗਿਆਨ ‘ਤੇ ਅਧਾਰਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਹਾਨ ਭਾਰਤੀ ਵਿਗਿਆਨੀਆਂ— ਸੀ.ਵੀ. ਰਮਨ, ਨਰਿੰਦਰ ਸਿੰਘ ਕਪਾਨੀ, ਪਿਆਰਾ ਸਿੰਘ ਗਿੱਲ ਅਤੇ ਨੋਬਲ ਪੁਰਸਕਾਰ ਜੇਤੂ ਹਰ ਗੋਬਿੰਦ ਖੁਰਾਨਾ ਦੀਆਂ ਜੀਵਨੀਆਂ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਬੁਨਿਆਦੀ ਢਾਂਚੇ ਅਤੇ ਕੋਚਿੰਗ ‘ਤੇ ਦਿੱਤੇ ਜਾ ਰਹੇ ਵਿਸ਼ੇਸ਼ ਧਿਆਨ ਸਦਕਾ ਇਸ ਸਾਲ ਸਰਕਾਰੀ ਸਕੂਲਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਜੇਈਈ (JEE) ਮੇਨਜ਼ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ IISER ਮੋਹਾਲੀ ਦੇ ਡਾਇਰੈਕਟਰ ਅਨਿਲ ਕੁਮਾਰ ਤ੍ਰਿਪਾਠੀ ਨੂੰ ਵਿਗਿਆਨਕ ਵਾਤਾਵਰਣ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਸਮਾਗਮ ਦੌਰਾਨ ਹਰਜੋਤ ਸਿੰਘ ਬੈਂਸ ਨੇ ਵਿਗਿਆਨ ਮੈਗਜ਼ੀਨ “ਮੇਰਾਕੀ” ਜਾਰੀ ਕੀਤਾ ਅਤੇ ਸੰਸਥਾ ਦੇ ਸਾਬਕਾ ਵਿਦਿਆਰਥੀਆਂ ਦੀ ਵੈੱਬਸਾਈਟ ਲਾਂਚ ਕੀਤੀ। ਉਨ੍ਹਾਂ ਵਿਦਿਆਰਥੀਆਂ ਵੱਲੋਂ ਲਗਾਈ ਗਈ ਵਿਗਿਆਨ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ ਅਤੇ ਨੌਜਵਾਨ ਖੋਜਕਰਤਾਵਾਂ ਦੀ ਨਵੀਨਤਾਕਾਰੀ ਸੋਚ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾਇਰੈਕਟਰ ਡਾ. ਅਨਿਲ ਕੁਮਾਰ ਤ੍ਰਿਪਾਠੀ ਨੇ ‘ਰਮਨ ਇਫੈਕਟ’ ਦੀ ਮਹੱਤਤਾ ਅਤੇ ਵਿਸ਼ਵ ਪੱਧਰ ‘ਤੇ ਭਾਰਤੀ ਵਿਗਿਆਨ ਦੀ ਪਛਾਣ ਬਾਰੇ ਚਾਨਣਾ ਪਾਇਆ।

Read More : ਆਈ.ਪੀ.ਐੱਸ. ਅਧਿਕਾਰੀ ਰਾਜੀਵ ਰੰਜਨ ਸਿੰਘ ਹੋਣਗੇ ਚੰਡੀਗੜ੍ਹ ਦੇ ਨਵੇਂ ਡੀ.ਆਈ.ਜੀ.

Leave a Reply

Your email address will not be published. Required fields are marked *