ਪ੍ਰੋ. ਡਾ. ਕਰਮਜੀਤ ਸਿੰਘ ਨੇ ਖਿਡਾਰੀਆਂ ਨੂੰ ਦਿੱਤੀਆਂ ਵਧਾਈਆਂ
ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡ ਜਗਤ ਵਿਚ ਆਪਣੀ ਪੈਂਠ ਮਜ਼ਬੂਤ ਰੱਖਦਿਆ ਇਕ ਵਾਰ ਫਿਰ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂਡੋ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਅਤੇ ਔਰਤਾਂ ਦੋਵਾਂ ਵਰਗਾਂ ਵਿੱਚ ਕਬਜਾ ਜਮਾਂ ਲਿਆ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਨੇ ਇਸ ਜਿੱਤ ਦਾ ਸਿਹਰਾ ਖਿਡਾਰੀਆਂ ਅਤੇ ਉਨਾਂ ਦੇ ਕੋਚਾਂ ਦੇ ਸਿਰ ਸਜਾਉਂਦਿਆਂ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡ ਖੇਤਰ ਵਿਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਉਨਾਂ ਖਿਡਾਰੀਆਂ ਨੂੰ ਇਸ ਜਿੱਤ ਦੀ ਵਧਾਈ ਦਿੰਦਿਆ ਕਿਹਾ ਕਿ ਉਨਾਂ ਨੂੰ ਯੂਨੀਵਰਸਿਟੀ ਵੱਲੋਂ ਖੇਡ ਸਹੂਲਤਾਂ ਦੇਣ ਵਿਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇ ਜੀ।
ਯੂਨੀਵਰਸਿਟੀ ਦੇ ਕੈਂਪਸ ਵਿੱਚ 15 ਤੋਂ 17 ਜਨਵਰੀ ਤੱਕ ਆਯੋਜਿਤ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂਡੋ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਅਤੇ ਔਰਤਾਂ ਦੋਵਾਂ ਵਰਗਾਂ ਵਿੱਚ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀਆਂ ਜਿੱਤ ਕੇ ਇੱਕ ਇਤਿਹਾਸਕ ਪ੍ਰਾਪਤੀ ਦਾ ਜਸ਼ਨ ਮਨਾਇਆ ਗਿਆ।
ਇਸ ਵੱਕਾਰੀ ਸਮਾਗਮ ਵਿੱਚ ਦੇਸ਼ ਭਰ ਦੀਆਂ 200 ਤੋਂ ਵੱਧ ਟੀਮਾਂ ਅਤੇ 450 ਖਿਡਾਰੀਆਂ ਨੇ ਭਾਗ ਲਿਆ। ਤਿੰਨ ਦਿਨ ਚੱਲੇ ਇਸ ਜੂਡੋ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਨੇ ਜਿੱਥੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਉੱਥੇ ਉਨਾਂ ਉੱਚੀ ਅਤੇ ਸੁੱਚੀ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਕੇ ਵੀ ਦਿਲ ਜਿੱਤਿਆ।
ਜੀ. ਐੱਨ. ਡੀ. ਯੂ ਦੇ ਖੇਡ ਨਿਰਦੇਸ਼ਕ ਡਾ. ਕੰਵਰ ਮਨਦੀਪ ਸਿੰਘ ਨੇ ਐਥਲੀਟਾਂ, ਕੋਚ ਐਸ. ਹਰਮੀਤ ਸਿੰਘ ਅਤੇ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਦੇ ਸਮਰਪਣ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨਾਂ ਦੱਸਿਆ ਕਿ ਮਹਿਲਾ ਟੀਮ 22 ਅੰਕਾਂ ਨਾਲ ਜੇਤੂ ਰਹੀ, ਜਦਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ 11 ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਪੁਰਸ਼ ਟੀਮ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 24 ਅੰਕਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਐਮ. ਡੀ. ਯੂ ਰੋਹਤਕ ਨੇ 9 ਅੰਕਾਂ ਦੇ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਜੀ. ਐੱਨ. ਡੀ. ਯੂ ਦੇ ਖੇਡ ਨਿਰਦੇਸ਼ਕ ਡਾ. ਕੰਵਰ ਮਨਦੀਪ ਸਿੰਘ ਨੇ ਪ੍ਰੋ. ਡਾ. ਕਰਮਜੀਤ ਸਿੰਘ, ਉਪ ਕੁਲਪਤੀ ਅਤੇ ਡਾ. ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਇਹ ਸਭ ਉਨਾਂ ਵੱਲੋਂ ਯੂਨੀਵਰਸਿਟੀ ਵਿਚ ਉੱਤਮ ਕਿਸਮ ਦਾ ਖੇਡ ਸਭਿਆਚਾਰ ਪੈਦਾ ਕਰਨ ਕਰ ਕੇ ਹੋਇਆ ਹੈ।
ਯੂਨੀਵਰਸਿਟੀ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਸਦਕਾ ਖਿਡਾਰੀਆਂ ਵਿਚ ਆਤਮ ਵਿਸ਼ਵਾਸ ਵੱਧਿਆ ਹੈ। ਉਨਾਂ ਨੇ ਯੂਨੀਵਰਸਿਟੀ ਵੱਲੋਂ ਖੇਡਾਂ ਪ੍ਰਤੀ ਆਪਣੀ ਵਚਨਬੱਧਤਾ ਲਈ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦਾ ਧੰਨਵਾਦ ਕੀਤਾ। ਇਹ ਜਿੱਤਾਂ ਇਸ ਗੱਲ ਦੀ ਨਿਸ਼ਾਨਦੇਹੀ ਕਰਦੀਆਂ ਹਨ ਕਿ ਯੂਨੀਵਰਸਿਟੀ ਨੇ ਖੇਡ ਸਭਿਆਚਾਰ ਨੂੰ ਵਧਾਉਣ ਲਈ ਕਿੰਨ੍ਹਾਂ ਉੱਤਮ ਕੰਮ ਕੀਤਾ ਹੈ।