ਸਮਾਗਮ ਤੋਂ ਵਾਪਸ ਆ ਰਹੇ ਪਰਿਵਾਰ ਦੇ 2 ਮੈਂਬਰ ਅਤੇ ਬੱਸ ਕੰਡਕਟਰ ਗੰਭੀਰ ਜ਼ਖਮੀ
ਸਮਾਣਾ, 26 ਫਰਵਰੀ : ਜ਼ਿਲਾ ਪਟਿਆਲਾ ਦੇ ਪਿੰਡ ਫਤਿਹਪੁਰ ਨੇੜੇ ਅੱਜ ਤੜਕੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 5:30 ਵਜੇ ਪਟਿਆਲਾ ਵੱਲੋਂ ਆ ਰਹੀ ਇਕ ਪੀ.ਆਰ.ਟੀ.ਸੀ. ਬੱਸ ਅਤੇ ਸਮਾਣਾ ਵੱਲ ਜਾ ਰਹੀ ਕਾਰ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ।
ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਹਰਿਆਣਾ ਦੇ ਅੰਬਾਲਾ ਤੋਂ ਇੱਕ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਆਪਣੇ ਘਰ ਸਮਾਣਾ ਸਥਿਤ ਪੁਲਿਸ ਕਲੋਨੀ ਜਾ ਰਿਹਾ ਸੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਵਿਚ ਸਵਾਰ ਉਸਦੀ ਪਤਨੀ ਅਤੇ ਪੁੱਤਰ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਬੱਸ ਦਾ ਕੰਡਕਟਰ ਵੀ ਹਾਦਸੇ ਵਿਚ ਜ਼ਖਮੀ ਹੋਇਆ ਹੈ।
ਇਸ ਦੌਰਾਨ ਜ਼ਖਮੀਆਂ ਨੂੰ ਤੁਰੰਤ ਸਮਾਣਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਣਾ ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More : ਟੀ-20 ਵਿਸ਼ਵ ਕੱਪ 2026 : ਅੱਜ ਸੈਮੀਫਾਈਨਲ ਦੀਆਂ ਉਮੀਦਾਂ ਦਾ ਫੈਸਲਾ ਕਰਨਗੇ ਦੋ ਵੱਡੇ ਮੁਕਾਬਲੇ
