ਕਿੰਨੂਆਂ ਦੇ ਬਾਗ਼ ਦਾ ਸੌਦਾ ਕਰ ਕੇ ਪਰਤ ਰਹੇ ਸਨ ਨੌਜਵਾਨ, ਹਾਦਸੇ ’ਚ 2 ਹੋਰ ਸਾਥੀ ਗੰਭੀਰ ਜ਼ਖ਼ਮੀ
ਅਬੋਹਰ, 23 ਫਰਵਰੀ : ਦੇਰ ਰਾਤ ਇਕ ਤੇਜ਼ ਰਫ਼ਤਾਰ ਕਾਰ ਦੇ ਅਬੋਹਰ-ਹਨੂੰਮਾਨਗੜ੍ਹ ਸੜਕ ’ਤੇ ਸਥਿਤ ਰੋਟਰੀ ਚੌਕ ਨਾਲ ਟਕਰਾਉਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ ’ਚ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਉਦੈ (24), ਵਿਸ਼ਾਲ (22) ਅਤੇ ਰਮਨ (22) ਵਜੋਂ ਹੋਈ ਹੈ। ਉਦੈ ਅਤੇ ਵਿਸ਼ਾਲ ਸਕੇ ਭਰਾ ਸਨ, ਜਦੋਂ ਿਕ ਰਮਨ ਉਨ੍ਹਾਂ ਦੀ ਭੂਆ ਦਾ ਪੁੱਤਰ ਸੀ। ਮ੍ਰਿਤਕ ਉਦੈ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਹਾਦਸੇ ’ਚ ਜ਼ਖ਼ਮੀ ਹੋਏ ਨੌਜਵਾਨਾਂ ਦੀ ਪਛਾਣ ਰੋਸ਼ਨ ਅਤੇ ਅਨਮੋਲ ਵਜੋਂ ਹੋਈ ਹੈ। ਇਹ ਸਾਰੇ ਅਬੋਹਰ ਨੇੜਲੇ ਪਿੰਡ ਬੱਲੂਆਣਾ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਿਕ ਇਹ ਨੌਜਵਾਨ ਬਾਗ਼ਾਂ ’ਚ ਕਿੰਨੂ ਤੋੜਨ ਦਾ ਠੇਕਾ ਲੈਂਦੇ ਸਨ ਅਤੇ ਰਾਤ ਨੂੰ ਇਕ ਸੌਦਾ ਫ਼ਾਈਨਲ ਕਰ ਕੇ ਵਾਪਸ ਪਰਤ ਰਹੇ ਸਨ।
ਸਿਟੀ ਪੁਲਸ ਸਟੇਸ਼ਨ ਨੰਬਰ 1 ਦੇ ਇੰਚਾਰਜ ਨੇ ਦੱਸਿਆ ਿਕ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤਾ ਗਿਆ ਹੈ। ਪੁਲਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Read More : ਦਿੱਲੀ ਵਿਧਾਨ ਸਭਾ ਅਤੇ ਲਾਲ ਕਿਲੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
